ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਦੀ ਹਮਾਇਤ ਦਾ ਫ਼ੈਸਲਾ
ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਦੇ ਸਫਾਈ ਮਜ਼ਦੂਰਾਂ, ਡਰਾਈਵਰਾਂ ਅਤੇ ਸੀਵਰਮੈਨਾਂ ਨੇ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਪ੍ਰਥਾ ਤੇ ਸੋਲਡਵੇਸਟ ਮੈਨਜਮੈਂਟ ਕਮੇਟੀਆਂ ਦਿੱਲੀ ਦੀਆਂ ਕੰਪਨੀਆਂ ਰਾਹੀਂ ਮਸ਼ੀਨਰੀਕਰਨ ਕਰਕੇ ਮਜ਼ਦੂਰਾਂ ਦੀਆਂ ਘੱਟ ਤਨਖਾਹਾਂ ਤਹਿਤ ਆਰਥਿਕ ਤੇ ਮਾਨਸਿਕ ਲੁੱਟ ਕਰਨ ਦਾ ਜੋ ਮਨ ਬਣਾਇਆ ਹੈ, ਉਸ ਨੂੰ ਕਦੇ ਵੀ ਲਾਗੂ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਸਮੁੱਚੇ ਕੱਚੇ ਕਾਮਿਆਂ ਨੂੰ ਪੂਰੇ ਭੱਤਿਆਂ, ਪੈਨਸ਼ਨਰੀ ਲਾਭਾਂ ਤਹਿਤ ਪੱਕੇ ਕਰਨਾ, 15ਵੀਂ ਲੇਬਰ ਕਾਨਫਰੰਸ ਮੁਤਾਬਿਕ ਉਜਰਤਾਂ ਲਾਗੂ ਕਰਨੀਆਂ ਆਦਿ ਮੰਗਾਂ ਲਈ ਸਮੁੱਚੇ ਕਾਮੇ ਸਫਾਈ ਮਜ਼ਦੂਰ ਫੈਡਰੇਸ਼ਨਾਂ ਦੀ ਅਗਵਾਈ ਵਿੱਚ ਪਿਛਲੇ ਸਮੇਂ ਤੋਂ ਹੜਤਾਲ ਕਰਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਜਥੇਬੰਦੀਆਂ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਕੀਤੇ ਹੋਏ ਹਨ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਰਹੇ ਹਨ। ਆਗੂਆਂ ਨੇ ਕਿਹਾ ਕਿ ਠੇਕੇਦਾਰੀ ਪ੍ਰਥਾ ਤੇ ਸੋਲਡ ਵੇਸਡ ਮੈਨਜਮੈਂਟ ਵਰਗੀਆਂ ਕੰਪਨੀਆਂ ਰਾਹੀਂ ਡੋਰ ਟੂ ਡੋਰ ਕਲੈਕਸ਼ਨ ਅਤੇ ਰਾਤ ਨੂੰ ਸਵੀਪਿੰਗ ਮਸ਼ੀਨਾਂ ਚਲਾ ਕੇ ਸਫਾਈ ਕੀਤੀਆਂ ਜਾਣਗੀਆਂ, ਜਿਸ ਤਹਿਤ ਜਿੱਥੇ ਹਜ਼ਾਰਾਂ ਸਫਾਈ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਉੱਥੇ ਹੀ ਆਮ ਲੋਕਾਂ ’ਤੇ ਹੋਰ ਆਰਥਿਕ ਭਾਰ ਪਵੇਗਾ। ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਦਵਿੰਦਰ ਸਿੰਘ, ਸੁਰਿੰਦਰ ਸਿੰਘ, ਦਲਵੀਰ ਸਿੰਘ, ਹਰਮੀਤ ਸਿੰਘ, ਦਲਵੀਰ ਸਿੰਘ, ਗੁਲਾਬ ਚੰਦ ਚੌਹਾਨ, ਜਸਵੰਤ ਸਿੰਘ ਅਤੇ ਹਰਮੇਸ਼ ਕੁਮਾਰ ਹਾਜ਼ਰ ਸਨ।