ਨਿਗਮ ਵੱਲੋਂ ਸਿੰਗਲ ਪਾਰਕਿੰਗ ਪਾਸ ਦੀ ਕਵਾਇਦ
ਨਗਰ ਨਿਗਮ ਚੰਡੀਗੜ੍ਹ ਨੇ ਆਪਣੇ ਅਧਿਕਾਰ ਖੇਤਰ ਅਧੀਨ ਸਾਰੀਆਂ ਪੇਡ (ਅਦਾਇਗੀ) ਪਾਰਕਿੰਗ ਥਾਵਾਂ ਲਈ ਸਿੰਗਲ ਪਾਰਕਿੰਗ ਪਾਸ ਸਿਸਟਮ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਸ਼ਹਿਰ ਵਾਸੀਆਂ ਲਈ ਪਾਰਕਿੰਗ ਪਹੁੰਚ ਨੂੰ ਆਸਾਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਕਮਿਸ਼ਨਰ ਅਮਿਤ ਕੁਮਾਰ ਆਈ ਏ ਐੱਸ ਦੀ ਪ੍ਰਧਾਨਗੀ ਹੇਠ ਉੱਚ-ਪੱਧਰੀ ਮੀਟਿੰਗ ਅੱਜ ਨਵੇਂ ਸਿਸਟਮ ਦੇ ਪੜਾਅ-1 ਰੋਲਆਊਟ ਅਤੇ ਏਕੀਕਰਨ ਢਾਂਚੇ ’ਤੇ ਚਰਚਾ ਕਰਨ ਲਈ ਹੋਈ।
ਪਾਰਕਿੰਗਾਂ ਸਬੰਧੀ ਪ੍ਰਸਤਾਵਿਤ ਢਾਂਚੇ ਦੇ ਤਹਿਤ ਚਾਰ-ਪਹੀਆ ਵਾਹਨਾਂ ਲਈ 500 ਰੁਪਏ ਅਤੇ ਦੋਪਹੀਆ ਵਾਹਨਾਂ ਲਈ 250 ਰੁਪਏ ਵਿੱਚ ਮਹੀਨਾਵਾਰ ਪਾਸ ਜਾਰੀ ਕੀਤੇ ਜਾਣਗੇ, ਜੋ ਕਿ ਸਾਰੇ ਪੇਡ-ਪਾਰਕਿੰਗ ਸਥਾਨਾਂ ਤੱਕ ਸ਼ਹਿਰ ਵਿਆਪੀ ਪਹੁੰਚ ਦੀ ਪੇਸ਼ਕਸ਼ ਕਰਦੇ ਹਨ। ਇਸ ਪਹਿਲਕਦਮੀ ਦਾ ਉਦੇਸ਼ ਇੱਕ ਸੁਰੱਖਿਅਤ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਵਿਧੀ ਪੇਸ਼ ਕਰਨਾ ਹੈ।
ਮੀਟਿੰਗ ਵਿੱਚ ਨਿਗਮ ਦੇ ਅਧਿਕਾਰੀਆਂ, ਸੂਚਨਾ ਤਕਨਾਲੋਜੀ ਵਿਭਾਗ ਚੰਡੀਗੜ੍ਹ ਸਮੇਤ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧੀਆਂ ਨੇ ਪ੍ਰੈਜੈਂਟੇਸ਼ਨ-ਕਮ-ਪ੍ਰੀ-ਕੰਸਲਟੇਸ਼ਨ ਮੀਟਿੰਗ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਨੇ ਆਰ.ਐੱਫ.ਆਈ.ਡੀ. ਟੈਗਸ ਅਤੇ ਕਿਊ ਆਰ-ਅਧਾਰਿਤ ਡਿਜੀਟਲ ਪਾਸਾਂ ਦੀ ਵਰਤੋਂ, ਬੈਂਕ-ਏਕੀਕ੍ਰਿਤ ਡਿਜੀਟਲ ਭੁਗਤਾਨ (ਯੂ ਪੀ ਆਈ, ਕਾਰਡ, ਨੈੱਟ ਬੈਂਕਿੰਗ), ਰੀਅਲ-ਟਾਈਮ ਰੈਵੇਨਿਊ ਡੈਸ਼ਬੋਰਡ, ਮੋਬਾਈਲ ਐਪ-ਅਧਾਰਿਤ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਡਾਟਾ ਸੁਰੱਖਿਆ ਸਿਸਟਮ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਬੈਂਕਾਂ ਨੂੰ ਪਾਰਕਿੰਗਾਂ ਦੇ ਭੁਗਤਾਨ ਵਾਸਤੇ ਪ੍ਰਸਤਾਵਿਤ ਤਕਨੀਕੀ ਢਾਂਚੇ, ਭੁਗਤਾਨ ਏਕੀਕਰਣ ਜ਼ਰੂਰਤਾਂ ਅਤੇ ਪਾਲਣਾ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ। ਕਮਿਸ਼ਨਰ ਨੇ ਨਿਰਦੇਸ਼ ਦਿੱਤਾ ਕਿ ਤਕਨੀਕੀ ਅਤੇ ਵਿੱਤੀ ਪ੍ਰਸਤਾਵਾਂ ਦੀ ਜਾਂਚ ਕਰਨ ਅਤੇ ਸਿਸਟਮ ਲਾਗੂ ਕਰਨ ਲਈ ਬੈਂਕਿੰਗ ਭਾਈਵਾਲ ਨੂੰ ਅੰਤਿਮ ਰੂਪ ਦੇਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ।
ਸਿੰਗਲ ਪਾਰਕਿੰਗ ਪਾਸ ਸਿਸਟਮ ਤੋਂ ਪਾਰਕਿੰਗ ਕਾਰਜਾਂ ਨੂੰ ਸੁਚਾਰੂ ਬਣਾਉਣ, ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਅਤੇ ਚੰਡੀਗੜ੍ਹ ਭਰ ਵਿੱਚ ਨਿਵਾਸੀਆਂ ਨੂੰ ਇੱਕ ਏਕੀਕ੍ਰਿਤ, ਮੁਸ਼ਕਿਲ ਰਹਿਤ ਪਾਰਕਿੰਗ ਅਨੁਭਵ ਪ੍ਰਦਾਨ ਕਰਨ ਦੀ ਉਮੀਦ ਹੈ।
