ਨਗਰ ਨਿਗਮ ਦੇ ਚੀਫ ਇੰਜਨੀਅਰ ਸੰਜੈ ਅਰੋੜਾ ਨੂੰ ਅਹੁਦੇ ਤੋਂ ਹਟਾਇਆ
ਚੰਡੀਗੜ੍ਹ ਨਗਰ ਨਿਗਮ ਵਿੱਚ ਪ੍ਰਸ਼ਾਸਕੀ ਫੇਰਬਦਲ ਕਰਦੇ ਹੋਏ ਚੀਫ ਇੰਜੀਨੀਅਰ ਸੰਜੈ ਅਰੋੜਾ ਨੂੰ ਅਹੁਦੇ ਤੋਂ ਹਟਾ ਕੇ ਨਿਗਮ ਦੇ ਸਭ ਤੋਂ ਸੀਨੀਅਰ ਇੰਜਨੀਅਰ ਕੇ.ਪੀ. ਸਿੰਘ ਨੂੰ ਵਾਧੂ ਚਾਰਜ ਦੇ ਦਿੱਤਾ ਗਿਆ ਹੈ। ਇਹ ਫੈਸਲਾ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਹੁਕਮਾਂ ਤਹਿਤ ਲਿਆ ਗਿਆ ਹੈ।ਦੱਸਣਯੋਗ ਹੈ ਕਿ ਸੰਜੈ ਅਰੋੜਾ ਯੂਟੀ ਪ੍ਰਸ਼ਾਸਨ ਵਿੱਚ ਸੁਪਰਡੈਂਟ ਇੰਜਨੀਅਰ ਸਨ ਅਤੇ ਉਨ੍ਹਾਂ ਨੂੰ ਨਿਗਮ ਵਿੱਚ ਮੁੱਖ ਇੰਜੀਨੀਅਰ ਵਜੋਂ ਤਾਇਨਾਤ ਕੀਤਾ ਗਿਆ ਸੀ। ਹੁਣ ਉਨ੍ਹਾਂ ਨੂੰ ਯੂਟੀ ਪ੍ਰਸ਼ਾਸਨ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਅਰੋੜਾ ਨੂੰ ਹਟਾਉਣ ਦਾ ਫ਼ੈਸਲਾ ਭਾਜਪਾ ਕੌਂਸਲਰਾਂ ਦੀ ਨਾਰਾਜ਼ਗੀ ਕਾਰਨ ਲਿਆ ਗਿਆ ਹੈ ਜੋ ਕਿ ਉਨ੍ਹਾਂ ਦੀਆਂ ਕਾਰਵਾਈਆਂ ਤੋਂ ਸੰਤੁਸ਼ਟ ਨਹੀਂ ਸਨ।
ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਪ੍ਰਧਾਨ ਵੱਲੋਂ ਨਿਖੇਧੀ
ਨਗਰ ਨਿਗਮ ਦੇ ਮੁੱਖ ਇੰਜੀਨੀਅਰ ਸੰਜੈ ਅਰੋੜਾ ਨੂੰ ਹਟਾਏ ਜਾਣ ‘ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਨੇ ਇੱਕ ਇਮਾਨਦਾਰ ਅਫਸਰ ਨੂੰ ਹਟਾ ਕੇ ਆਪਣੀ ਗਲਤ ਨੀਅਤ ਅਤੇ ਨੀਤੀ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਹਰ ਇਮਾਨਦਾਰ ਅਫਸਰ ਉਸਦੀ ਕਠਪੁਤਲੀ ਬਣੇ ਅਤੇ ਉਸ ਦੇ ਗਲਤ ਅਤੇ ਮਨਮਾਨੇ ਫ਼ੈਸਲਿਆਂ ਦਾ ਸਮਰਥਨ ਕਰੇ। ਲੱਕੀ ਨੇ ਕਿਹਾ ਕਿ ਕਾਂਗਰਸ ਹਰ ਇਮਾਨਦਾਰ ਅਫਸਰ ਦੇ ਨਾਲ ਖੜ੍ਹੀ ਹੈ। ਚੰਡੀਗੜ੍ਹ ਦੀ ਜਨਤਾ ਦੇਖ ਰਹੀ ਹੈ ਕਿ ਨਗਰ ਨਿਗਮ ਦੀ ਡਗਮਗਾਈ ਹੋਈ ਵਿੱਤੀ ਹਾਲਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਫਸਰਾਂ ਨਾਲ ਭਾਜਪਾ ਕਿਹੋ ਜਿਹਾ ਵਰਤਾਅ ਕਰ ਰਹੀ ਹੈ। ਹੁਣ ਚੰਡੀਗੜ੍ਹ ਵਿੱਚ ਕੋਈ ਵੀ ਇਮਾਨਦਾਰ ਅਫਸਰ ਆਉਣ ਤੋਂ ਗੁਰੇਜ਼ ਕਰੇਗਾ।
