ਨਿਗਮ ਕਮਿਸ਼ਨਰ ਵੱਲੋਂ ਪਿੰਡ ਸੋਹਾਣਾ ਦਾ ਦੌਰਾ
ਲਡ਼ਕੀਆਂ ਦੇ ਸਕੂਲ ਦੇ ਨੇਡ਼ੇ ਟੋਭੇ ਦਾ ਲਿਅਾ ਜਾਇਜ਼ਾ; ਜਲਦੀ ਨਵੀਨੀਕਰਨ ਦਾ ਭਰੋਸਾ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੂੰ ਸੋਹਾਣਾ ਦੇ ਟੋਭੇ ਦਾ ਮੌਕਾ ਵਿਖਾਉਂਦੇ ਹੋਏ ਕੌਂਸਲਰ ਹਰਜਿੰਦਰ ਕੌਰ ਸੋਹਾਣਾ।
Advertisement
ਅਕਾਲੀ ਦਲ ਵੱਲੋਂ ਪਿੰਡ ਸੋਹਾਣਾ ਅਤੇ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਨੂੰ ਲੈ ਕੇ 22 ਅਗਸਤ ਨੂੰ ਨਗਰ ਨਿਗਮ ਦਫ਼ਤਰ ਅੱਗੇ ਦਿੱਤੇ ਧਰਨੇ ਵਿੱਚ ਮੰਗ ਪੱਤਰ ਲੈਣ ਲਈ ਪਹੁੰਚੇ ਨਿਗਮ ਕਮਿਸ਼ਨਰ ਨੂੰ ਅਕਾਲੀ ਦਲ ਦੀ ਕੌਂਸਲਰ ਹਰਜਿੰਦਰ ਕੌਰ ਸੋਹਾਣਾ ਵੱਲੋਂ ਸੋਹਾਣਾ ਨੂੰ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਾਉਣ ਦੇ ਦੂਜੇ ਦਿਨ ਹੀ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਅੱਜ ਪਿੰਡ ਸੋਹਾਣਾ ਦਾ ਦੌਰਾ ਕੀਤਾ। ਉਨ੍ਹਾਂ ਲੜਕੀਆਂ ਦੇ ਸਰਕਾਰੀ ਸਕੂਲ ਦੇ ਨੇੜੇ ਦੋ ਏਕੜ ਥਾਂ ਦੇ ਟੋਭੇ ਦੀ ਗੰਦਗੀ, ਨਾਜਾਇਜ਼ ਕਬਜ਼ੇ, ਟੋਭੇ ਵਿਚ ਪਾਣੀ ਉੱਛਲ ਕੇ ਲੜਕੀਆਂ ਦੇ ਸਕੂਲ ਵਿਚ ਦਾਖ਼ਿਲ ਹੋਣ ਦੇ ਮਾਮਲੇ ਦਾ ਜਾਇਜ਼ਾ ਲਿਆ। ਕੌਂਸਲਰ ਹਰਜਿੰਦਰ ਕੌਰ ਸੋਹਾਣਾ ਨੇ ਇਸ ਮੌਕੇ ਕਮਿਸ਼ਨਰ ਨੂੰ ਸਾਰਾ ਮੌਕਾ ਵਿਖਾਇਆ। ਉਨ੍ਹਾਂ ਕਿਹਾ ਕਿ ਇਸ ਟੋਭੇ ਦਾ ਸੀਚੇਵਾਲ ਮਾਡਲ ਅਨੁਸਾਰ ਨਵੀਨੀਕਰਨ ਕੀਤਾ ਜਾਵੇ। ਨਿਗਮ ਕਮਿਸ਼ਨਰ ਨੇ ਕੌਂਸਲਰ ਹਰਜਿੰਦਰ ਕੌਰ ਅਤੇ ਮੌਕੇ ’ਤੇ ਮੌਜੂਦ ਸਕੂਲ ਦੀ ਪ੍ਰਿੰਸੀਪਲ ਨੂੰ ਵਿਸ਼ਵਾਸ ਦਿਵਾਇਆ ਕਿ ਨਿਗਮ ਵੱਲੋਂ ਬਹੁਤ ਜਲਦੀ ਸੋਹਾਣਾ ਦੇ ਟੋਭੇ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟੋਭੇ ਦੇ ਪਾਣੀ ਦੀ ਨਿਕਾਸੀ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਕੌਂਸਲਰ ਨੇ ਗੁਰਦੁਆਰੇ ਨੇੜਲੀ ਪਿੰਡ ਨੂੰ ਆਉਂਦੀ ਸੜਕ, ਗੁਰਦੁਆਰੇ ਨੇੜੇ ਲੱਗੇ ਹੋਏ ਕੂੜੇ ਦੇ ਢੇਰ ਆਦਿ ਦੇ ਮਾਮਲੇ ਵੀ ਨਿਗਮ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦੇ, ਜਿਨ੍ਹਾਂ ਦੇ ਉਨ੍ਹਾਂ ਜਲਦੀ ਹੱਲ ਦਾ ਭਰੋਸਾ ਦਿੱਤਾ।
Advertisement