ਮੋਰਿੰਡਾ ਖੰਡ ਮਿੱਲ ਦਾ ਪਿੜਾਈ ਸੀਜ਼ਨ ਸ਼ੁਰੂ
ਸਥਾਨਕ ਸਹਿਕਾਰੀ ਖੰਡ ਮਿੱਲ ਦੇ ਪਿੜਾਈ ਸੀਜ਼ਨ 2025-26 ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਤੇ ਪੀ ਸੀ ਏ ਐਪੈਕਸ ਕੌਂਸਲ ਦੇ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮਿੱਲ ਦੇ ਜਨਰਲ ਮੈਨੇਜਰ ਤਰਨਵੀਰ ਸਿੰਘ ਨੇ ਦੱਸਿਆ ਕਿ ਇਸ ਸੀਜ਼ਨ ਦੀ ਸ਼ੁਰੂਆਤ ਅਖੰਡ ਪਾਠ ਦੇ ਭੋਗ ਤੋਂ ਬਾਅਦ ਪੰਜ ਪਿਆਰਿਆਂ, ਬਾਬਾ ਕਰਮ ਸਿੰਘ ਨਥਮਲਪੁਰ ਵਾਲਿਆਂ, ਵਿਧਾਇਕ ਚਰਨਜੀਤ ਸਿੰਘ ਵੱਲੋਂ ਮਿੱਲ ਦੇ ਬੋਰਡ ਆਫ ਡਾਇਰੈਕਟਰ ਸਣੇ ਕੀਤੀ ਗਈ।
ਇਸ ਮੌਕੇ ਵਿਧਾਇਕ ਨੇ ਕਿਹਾ ਕਿ ਮੋਰਿੰਡਾ ਸਹਿਕਾਰੀ ਖੰਡ ਮਿੱਲ ਨਾਲ ਜੁੜੇ ਹੋਏ ਹਰ ਪਰਿਵਾਰ ਦੀ ਬਿਹਤਰੀ ਅਤੇ ਖੁਸ਼ਹਾਲੀ ਲਈ ਇਸ ਮਿੱਲ ਨੂੰ ਤਰੱਕੀ ਵਾਲੇ ਪਾਸੇ ਲਿਜਾਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਲਈ ਗੰਨੇ ਦਾ ਭਾਅ 15 ਰੁਪਏ ਪ੍ਰਤੀ ਕੁਇੰਟਲ ਵਧਾ ਕੇ 416 ਰੁਪਏ ਕੀਤਾ ਗਿਆ ਹੈ।
ਇਸ ਮੌਕੇ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਸੁਖਜਿੰਦਰ ਸਿੰਘ ਸੋਹੀ, ਵਾਈਸ ਚੇਅਰਮੈਨ ਸੁਰਿੰਦਰ ਸਿੰਘ ਬੁੱਗਾ ਚੈੜੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਮੌਜੂਦ ਸਨ।
