ਮੋਰਚਾ ਫ਼ਤਹਿ: ਵਿਦਿਆਰਥੀਆਂ ਨੇ ਜਸ਼ਨ ਮਨਾਏ
ਵਾਈਸ ਚਾਂਸਲਰ ਦਫ਼ਤਰ ਅੱਗੇ ਪਿਛਲੇ ਲਗਾਤਾਰ 25 ਦਿਨਾਂ ਤੋਂ ਅਣਮਿਥੇ ਸਮੇਂ ਲਈ ਸੰਘਰਸ਼ ਕਰਦੇ ਆ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਅੱਜ ਉਸ ਵੇਲੇ ਇਤਿਹਾਸਕ ਜਿੱਤ ਹੋਈ ਜਦੋਂ ਉਪ-ਰਾਸ਼ਟਰਪਤੀ ਦਫ਼ਤਰ ਨੇ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ।
ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਜਦੋਂ ਧਰਨੇ ਵਾਲੀ ਥਾਂ ਪਹੁੰਚ ਕੇ ਸ਼ਡਿਊਲ ਦੀ ਕਾਪੀ ਸੌਂਪੀ ਤਾਂ ਵਿਦਿਆਰਥੀਆਂ ਨੇ ਨਾਅਰਿਆਂ ਨਾਲ ਪੂਰਾ ਕੈਂਪਸ ਗੂੰਜਣ ਲਾ ਦਿੱਤਾ।
ਖੁਸ਼ੀ ਵਿੱਚ ਖੀਵੇ ਹੋਏ ਵਿਦਿਆਰਥੀਆਂ ਨੇ ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਚਲਾਈ। ਦੇਰ ਸ਼ਾਮ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਨੇ ਪੀ ਯੂ ਕੈਂਪਸ ਵਿੱਚ ਜਿੱਤ ਦਾ ਪੈਦਲ ਮਾਰਚ ਕੀਤਾ।
ਵਿਦਿਆਰਥੀ ਆਗੂ ਅਸ਼ਮੀਤ ਸਿੰਘ, ਰਮਨਪ੍ਰੀਤ, ਗਗਨ, ਸੰਦੀਪ, ਅਵਤਾਰ ਸਿੰਘ, ਜੋਧ ਸਿੰਘ, ਪੀ ਐੱਸ ਯੂ ਲਲਕਾਰ ਤੋਂ ਸਾਰਾਹ ਸ਼ਰਮਾ, ਮਣਿਕਾ ਨੇ ਕਿਹਾ ਕਿ ਇਹ ਪੂਰੇ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਪਿਛਲੇ 25 ਦਿਨਾਂ ਤੋਂ ਵਿਦਿਆਰਥੀਆਂ ਨੇ ਠੰਢ ਦੇ ਮੌਸਮ ਵਿੱਚ ਲਗਾਤਾਰ ਧਰਨਾ ਦਿੱਤਾ, ਜਿਸ ਨੇ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਵਿਦਿਆਰਥੀ ਸੰਘਰਸ਼ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ।
ਇਸ ਮੌਕੇ ਪ੍ਰੋ. ਮਨਜੀਤ ਸਿੰਘ, ਸੈਨੇਟਰ ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸੰਦੀਪ ਸੀਕਰੀ ਨੇ ਇਸ ਇਤਿਹਾਸਕ ਜਿੱਤ ਲਈ ਸਮੁੱਚੇ ਵਿਦਿਆਰਥੀਆਂ ਅਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਇਸ ਜਿੱਤ ਤੱਕ ਪਹੁੰਚਾਉਣ ਲਈ ਪੁਆਧ ਦੇ ਲੋਕਾਂ ਵੱਲੋਂ ਰੋਜ਼ਾਨਾ ਭੇਜੇ ਜਾ ਰਹੇ ਲੰਗਰਾਂ ਦੀ ਸੇਵਾ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
