ਵਿਆਪਕ ਤਬਾਹੀ ਮਗਰੋਂ ਉੱਤਰ-ਪੱਛਮੀ ਭਾਰਤ ਤੋਂ ਮਾਨਸੂਨ ਰਵਾਨਾ
ਭਾਰਤ ਮੌਸਮ ਵਿਭਾਗ (IMD) ਮੁਤਾਬਕ 26 ਸਤੰਬਰ ਨੂੰ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਣੇ ਪੂਰੇ ਪੱਛਮੀ ਹਿਮਾਲਿਆਈ ਖੇਤਰ ਤੋਂ ਮਾਨਸੂਨ ਪਿੱਛੇ ਹਟ ਗਿਆ। ਵਾਪਸੀ ’ਤੇ ਹੁਣ ਮਾਨਸੂਨ ਵੇਰਾਵਲ, ਭਰੂਚ, ਉਜੈਨ, ਝਾਂਸੀ ਅਤੇ ਸ਼ਾਹਜਹਾਂਪੁਰ ਵਿੱਚੋਂ ਲੰਘਦੀ ਹੈ।
ਪੰਜਾਬ ਵਿੱਚ 1 ਜੂਨ ਤੋਂ 26 ਸਤੰਬਰ ਤੱਕ 621.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ 436.4 ਮਿਲੀਮੀਟਰ ਦੇ ਲੰਬੇ ਸਮੇਂ ਦੇ ਔਸਤ (LPA) ਦੇ ਮੁਕਾਬਲੇ 42 ਫ਼ੀਸਦੀ ਵੱਧ ਹੈ। ਹਰਿਆਣਾ ਵਿੱਚ ਇਸ ਸਮੇਂ ਦੌਰਾਨ 568.4 ਮਿਲੀਮੀਟਰ ਮੀਂਹ ਪਿਆ, ਜੋ ਕਿ ਇਸ ਦੇ LPA 424.1 ਮਿਲੀਮੀਟਰ ਤੋਂ 34 ਫ਼ੀਸਦੀ ਵੱਧ ਹੈ। ਹਿਮਾਚਲ ਪ੍ਰਦੇਸ਼ ਵਿੱਚ 1,022.8 ਮਿਲੀਮੀਟਰ ਮੀਂਹ ਪਿਆ, ਜੋ ਕਿ ਇਸ ਦੇ 729.5 ਮਿਲੀਮੀਟਰ ਦੇ LPA ਤੋਂ 40 ਫ਼ੀਸਦੀ ਵੱਧ ਹੈ।
IMD ਦੇ ਅੰਕੜਿਆਂ ਮੁਤਾਬਕ ਹਾਲਾਂਕਿ 2024 ਵਿੱਚ ਮਾਨਸੂਨ ਵਿੱਚ ਪੰਜਾਬ ਵਿੱਚ 28 ਫ਼ੀਸਦੀ, ਹਰਿਆਣਾ ਵਿੱਚ ਪੰਜ ਅਤੇ ਹਿਮਾਚਲ ਪ੍ਰਦੇਸ਼ ਵਿੱਚ 18 ਫ਼ੀਸਦੀ ਕਮੀ ਆਈ।
ਇਸ ਸੀਜ਼ਨ ਵਿੱਚ ਭਾਰੀ ਮੀਂਹ ਮਾਰਨ ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ’ਤੇ ਪੌਂਗ ਡੈਮ ਭੰਡਾਰ ਵਿੱਚ ਰਿਕਾਰਡ ਪਾਣੀ ਜਮ੍ਹਾ ਹੋਇਆ। ਸਿਖਰ ’ਤੇ ਪਾਣੀ ਦਾ ਪ੍ਰਵਾਹ 2.2 ਲੱਖ ਕਿਊਸਿਕ ਤੱਕ ਪਹੁੰਚ ਗਿਆ, ਜਿਸ ਕਾਰਨ ਪਾਣੀ ਦਾ ਪੱਧਰ 1,390 ਫੁੱਟ ਦੀ ਵੱਧ ਤੋਂ ਵੱਧ ਮਨਜ਼ੂਰ ਸੀਮਾ ਤੋਂ ਪੰਜ ਫੁੱਟ ਤੋਂ ਉੱਪਰ ਚਲਾ ਗਿਆ। ਇਸ ਮਗਰੋਂ ਡੈਮ ਦੇ ਹੜ੍ਹ ਗੇਟਾਂ ਤੋਂ ਕਈ ਦਿਨਾਂ ਤੱਕ ਇੱਕ ਲੱਖ ਕਿਊਸਿਕ ਪਾਣੀ ਛੱਡਿਆ ਗਿਆ।
ਭਾਖੜਾ ਬਿਆਸ ਪ੍ਰਬੰਧਨ ਬੋਰਡ ਮੁਤਾਬਕ 27 ਸਤੰਬਰ ਤੱਕ ਪੌਂਗ ਡੈਮ ’ਚ ਪਾਣੀ ਦਾ ਪੱਧਰ 1,390.26 ਫੁੱਟ ’ਤੇ ਰਿਹਾ, ਜਿਸ ਵਿੱਚ 17,291 ਕਿਊਸਿਕ ਦੀ ਆਮਦ ਅਤੇ 24,823 ਕਿਊਸਿਕ ਦੀ ਨਿਕਾਸੀ ਹੋਈ।
ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ਦਰਿਆ ’ਤੇ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਸਥਿਰ, 1,680 ਫੁੱਟ ਦੀ ਉੱਪਰਲੀ ਮਨਜ਼ੂਰ ਸੀਮਾ ਤੋਂ ਲਗਭਗ ਦੋ ਫੁੱਟ ਥੱਲੇ ਰੱਖਿਆ ਗਿਆ। 27 ਸਤੰਬਰ ਨੂੰ ਪਾਣੀ ਦਾ ਪੱਧਰ 1,674.70 ਫੁੱਟ ਤੱਕ ਘਟਾ ਦਿੱਤਾ ਗਿਆ ਹੈ, ਜਿਸ ਵਿੱਚ 41,334 ਕਿਊਸਿਕ ਪਾਣੀ ਦੀ ਆਮਦ ਅਤੇ 32,000 ਕਿਊਸਿਕ ਪਾਣੀ ਦੀ ਨਿਕਾਸੀ ਹੋਈ।
ਆਈਐਮਡੀ ਨੇ 3 ਅਕਤੂਬਰ ਤੱਕ ਖੇਤਰ ਵਿੱਚ ਖੁਸ਼ਕ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਮੀਂਹ ਦੀ ਕੋਈ ਉਮੀਦ ਨਹੀਂ ਹੈ। ਹਾਲਾਂਕਿ 1 ਅਕਤੂਬਰ ਨੂੰ ਹਰਿਆਣਾ ਵਿੱਚ ਕੁਝ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।