ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੌਨਸੂਨ: ਚੰਡੀਗੜ੍ਹ ’ਚ ਆਮ ਨਾਲੋਂ 8.3 ਫ਼ੀਸਦ ਵੱਧ ਮੀਂਹ

ਮੌਸਮ ਵਿਭਾਗ ਵੱਲੋਂ ਅਗਲੇ ਪੰਜ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ
ਮੁਹਾਲੀ ਜ਼ਿਲ੍ਹੇ ਦੇ ਖਰੜ-ਲਾਡਰਾਂ ਮਾਰਗ ’ਤੇ ਪਏ ਟੋਇਆਂ ਤੋਂ ਬਚ ਕੇ ਲੰਘਣ ਦੀ ਕੋਸ਼ਿਸ਼ ਕਰਦੇ ਹੋਏ ਰਾਹਗੀਰ। -ਫੋਟੋ: ਵਿੱਕੀ ਘਾਰੂ
Advertisement

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਲੰਘੀ ਰਾਤ ਤੋਂ ਰੁੱਕ-ਰੁੱਕ ਕੇ ਪੈ ਰਹੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤੇ ਹਨ।

ਇਸ ਦੇ ਨਾਲ ਹੀ ਚੰਡੀਗੜ੍ਹ, ਮੁਹਾਲੀ ਤੇ ਜ਼ੀਰਕਪੁਰ ਨੂੰ ਜਲ-ਥਲ ਕਰਕੇ ਰੱਕ ਦਿੱਤਾ ਹੈ। ਇਨ੍ਹਾਂ ਸ਼ਹਿਰਾਂ ਦੀਆਂ ਸੜਕਾਂ ’ਤੇ ਪਾਣੀ ਖੜਾ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਲੋਕਾਂ ਨੂੰ ਕਈ ਥਾਵਾਂ ’ਤੇ ਫੁੱਟ-ਫੁੱਟ ਪਾਣੀ ਵਿੱਚੋਂ ਵਾਹਨ ਕੱਢਣੇ ਪਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਜ਼ੋਰਦਾਰ ਮੀਂਹ ਪਿਆ ਹੈ। ਇਸੇ ਕਰਕੇ ਸ਼ਹਿਰ ਵਿੱਚ ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 8.3 ਫ਼ੀਸਦ ਵੱਧ ਮੀਂਹ ਪਿਆ ਹੈ।

Advertisement

ਮੌਸਮ ਵਿਗਿਆਨੀਆਂ ਅਨੁਸਾਰ ਚੰਡੀਗੜ੍ਹ ਵਿੱਚ 1 ਜੂਨ ਤੋਂ 3 ਅਗਸਤ ਤੱਕ 495.7 ਐੱਮਐੱਮ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ 8.3 ਫ਼ੀਸਦ ਵੱਧ ਹੈ। ਆਮ ਤੌਰ ’ਤੇ ਇਸ ਸਮੇਂ ਦੌਰਾਨ ਚੰਡੀਗੜ੍ਹ ਵਿੱਚ 460 ਐੱਮਐੱਮ ਦੇ ਕਰੀਬ ਮੀਂਹ ਪੈਂਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਸ਼ਹਿਰ ਵਿੱਚ 24 ਘੰਟਿਆਂ ਦੌਰਾਨ 12 ਐੱਮਐੱਮ ਮੀਂਹ ਪਿਆ ਹੈ, ਜਦੋਂ ਕਿ ਚੰਡੀਗੜ੍ਹ ਏਅਰਪੋਰਟ ਦੇ ਨਜ਼ਦੀਕ 39.4 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 34.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ ਡੇਢ ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਹ ਆਮ ਨਾਲੋਂ ਮਾਮੂਲੀ ਘੱਟ ਰਿਹਾ ਹੈ। ਮੁਹਾਲੀ ਵਿੱਚ 24 ਘੰਟਿਆਂ ਦੌਰਾਨ 41 ਐੱਮਐੱਮ ਮੀਂਹ ਪਿਆ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਪੰਚਕੂਲਾ ਵਿੱਚ 24 ਘੰਟਿਆਂ ਦੌਰਾਨ 0.5 ਐੱਮਐੱਮ ਮੀਂਹ ਪਿਆ ਹੈ। ਜਦੋਂ ਕਿ ਅੱਜ ਵੱਧ ਤੋਂ ਵੱਧ ਤਾਪਮਾਨ 32.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਪੰਜ ਦਿਨ 4, 5, 6, 7 ਤੇ 8 ਅਗਸਤ ਨੂੰ ਰੁੱਕ-ਰੁੱਕ ਕੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਟ੍ਰਾਈਸਿਟੀ ’ਚ ਟੁੱਟੀਆਂ ਸੜਕਾਂ ਕਾਰਨ ਰਾਹਗੀਰ ਪ੍ਰੇਸ਼ਾਨ

ਆਵਾਜਾਈ ਲਈ ਬੰਦ ਕੀਤੀ ਸੈਕਟਰ 79-68 ਸੜਕ। -ਫੋਟੋ: ਵਿੱਕੀ ਘਾਰੂ

ਟ੍ਰਾਈਸਿਟੀ ਵਿੱਚ ਲਗਾਤਾਰ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਕੁਝ ਮਿੰਟਾਂ ਵਿੱਚ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ। ਸਮੇਂ ਸਿਰ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਅਤੇ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਤੋਂ ਕੰਮ ਲਈ ਜਾਂਦੇ ਸਮੇਂ ਨੌਕਰੀਪੇਸ਼ਾ ਲੋਕਾਂ ਨੂੰ ਅਕਸਰ ਹੀ ਡਿਊਟੀ ਜਾਣ ਸਮੇਂ ਅਤੇ ਘਰ ਪਰਤਣ ਵੇਲੇ ਮੀਂਹ ਕਾਰਨ ਸੜਕਾਂ ’ਤੇ ਖੜ੍ਹੇ ਪਾਣੀ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਰਾਹਗੀਰ ਟੋਇਆਂ ਦਾ ਅੰਦਾਜ਼ਾ ਨਹੀਂ ਲਗਾ ਪਾਉਂਦੇ, ਜਿਸ ਕਾਰਨ ਕਈਆਂ ਨੂੰ ਹਾਦਸਿਆਂ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਕਈ ਰਾਹਗੀਰ ਦੇ ਦੋਪਹੀਆ ਵਾਹਨ ਪਾਣੀ ’ਚ ਬੰਦ ਹੋ ਜਾਂਦੇ ਹਨ, ਜਿਸ ਕਾਰਨ ਉਹ ਪ੍ਰਸ਼ਾਸਨ ਨੂੰ ਨਾਕਾਸ ਪ੍ਰਬੰਧਾਂ ਲਈ ਕੋਸਦੇ ਅਕਸਰ ਹੀ ਦਿਖਾਈ ਦਿੰਦੇ ਹਨ। ਚੰਡੀਗੜ੍ਹ ਵਿੱਚ ਸੈਕਟਰ-19 ਤੇ 27 ਦੇ ਵਿਚਕਾਰਲੀ ਸੜਕ ਦੀ ਹਾਲਤ ਬਹੁਤ ਮਾੜੀ ਹੋਈ ਹੈ। ਗੋਲਫ਼ ਕਲੱਬ ਨੇੜੇ ਖਸਤਾ ਹਾਲ ਸੜਕ ਕਰਕੇ ਵੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀ ਮੀਂਹ ਕਰਕੇ ਟੁੱਟੀਆਂ ਕਈ ਸੜਕਾਂ ਦੀ ਮੁਰੰਮਤ ਦਾ ਕੰਮ ਹਾਲੇ ਤੱਕ ਜਾਰੀ ਹੈ, ਜਿਸ ਕਰਕੇ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ ਕਈ ਸੜਕਾਂ ਦੀ ਹਾਲਤ ਖਸਤਾ ਹੈ। ਖਰੜ-ਲਾਂਡਰਾਂ ਮਾਰਗ ’ਤੇ ਪਏ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਖਸਤਾ ਹਾਲ ਚੱਪੜਚਿੜੀ ਮਾਰਗ ਵੀ ਮੁਰੰਮਤ ਦੀ ਮੰਗ ਕਰ ਰਿਹਾ ਹੈ।

Advertisement