ਤੈਰਾਕੀ ’ਚ ਮੁਹਾਲੀ ਦੀ ਨੇਤਰੰਜਨਾ ਨੇ ਬਾਜ਼ੀ ਮਾਰੀ
ਸਕੂਲ ਸਿੱਖਿਆ ਵਿਭਾਗ ਵੱਲੋਂ ਮੁਹਾਲੀ ਦੇ ਸਪੋਰਟਸ ਕੰਪਲੈਕਸ ਵਿੱਚ ਜਿਮਨਾਸਟਿਕ ਅਤੇ ਐਮਿਟੀ ਇੰਟਰਨੈਸ਼ਨਲ ਸਕੂਲ ਵਿੱਚ ਤੈਰਾਕੀ ਦੇ ਰਾਜ ਪੱਧਰੀ ਪ੍ਰਾਇਮਰੀ ਸਕੂਲ ਮੁਕਾਬਲੇ ਕਰਾਏ ਗਏ। ਡੀ ਈ ਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਦੀ ਅਗਵਾਈ ਹੇਠ ਹੋਏ ਡਿਪਟੀ ਡੀ ਈ ਓ ਪਰਮਿੰਦਰ ਕੌਰ, ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਸਹਾਇਕ ਕਨਵੀਨਰ ਜਗਦੀਪ ਸਿੰਘ ਕਲੌਲੀ, ਸਹਾਇਕ ਮਿਸ ਪ੍ਰੀਤੀ ਅਤੇ ਸਮੁੱਚੀ ਖੇਡ ਕਮੇਟੀ ਦੇ ਸਹਿਯੋਗ ਨਾਲ ਮੁਕਾਬਲੇ ਹੋਏ। ਤੈਰਾਕੀ ਦੇ ਵੱਖ-ਵੱਖ ਵਰਗਾਂ ਦੇ (ਕੁੜੀਆਂ) ਦੇ ਮੁਕਾਬਲੇ ਵਿੱਚ ਨੇਤਰੰਜਨਾ ਸਿੰਘ ਮੁਹਾਲੀ, ਏਕਮਨੂਰ ਕੌਰ ਫ਼ਰੀਦਕੋਟ, ਰਿਧੀ ਰਤਨ ਹੁਸ਼ਿਆਰਪੁਰ, ਰਹਿਮਤ ਦੀਪ ਕੌਰ ਫ਼ਰੀਦਕੋਟ, ਨੀਰਾ ਬੱਤਰਾ ਲੁਧਿਆਣਾ, ਏਕਨੂਰ ਕੌਰ ਫ਼ਰੀਦਕੋਟ ਮੋਹਰੀ ਰਹੀਆਂ। ਲੜਕਿਆਂ ਦੇ ਵੱਖ-ਵੱਖ ਵਰਗਾਂ ਵਿੱਚ ਚਿਰਾਗ ਲੁਧਿਆਣਾ, ਸ਼ੈਰਿਫ ਹੁਸ਼ਿਆਰਪੁਰ, ਅਕਸ਼ਿਵ ਫਾਜ਼ਲਿਕਾ, ਯਸ਼ਰਾਜ ਸੰਗਰੂਰ, ਸਾਰਾਂਸ਼ ਫਿਰੋਜ਼ਪੁਰ, ਟੀਮ ਲੁਧਿਆਣਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜਿਮਨਾਸਟਿਕ ਕੁੜੀਆਂ ਦੇ ਮੁਕਾਬਲੇ ਵਿੱਚ ਕਾਮਯਾ ਪਟਿਆਲਾ, ਹਰਸਿਰਤ ਅੰਮ੍ਰਿਤਸਰ ਸਾਹਿਬ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜੇਤੂ ਬੱਚੇ ਕੌਮੀ ਸਕੂਲ ਖੇਡਾਂ ਪ੍ਰਾਇਮਰੀ ਵਿੱਚ ਪੰਜਾਬ ਦੀ ਅਗਵਾਈ ਕਰਨਗੇ।
