ਮੁਹਾਲੀ ਪੁਲੀਸ ਨੇ ਫਲੈਗ ਮਾਰਚ ਕੀਤਾ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 11 ਜੁਲਾਈ
ਮੁਹਾਲੀ ਪੁਲੀਸ ਨੇ ਅੱਜ ਡੀਐੱਸਪੀ ਸਿਟੀ-ਦੋ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਸਬੰਧਿਤ ਖੇਤਰ ਵਿਚ ਫਲੈਗ ਮਾਰਚ ਕੀਤਾ। ਇਹ ਫ਼ਲੈਗ ਮਾਰਚ ਫੇਜ਼ ਅੱਠ ਦੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇੇ ਸੜਕ ਤੋਂ ਆਰੰਭ ਹੋਇਆ। ਫੇਜ਼ ਨੌਂ, ਦਸ, ਗਿਆਰਾਂ, ਸੈਕਟਰ 82, ਐਰੋਸਿਟੀ, ਆਈਟੀ ਸਿਟੀ ਨੂੰ ਹੁੰਦਾ ਹੋਇਆ ਦੁਬਾਰਾ ਅੰਬ ਸਾਹਿਬ ਕੋਲ ਆ ਕੇ ਸਮਾਪਤ ਹੋਇਆ। ਫਲੈਗ ਮਾਰਚ ਵਿਚ ਫੇਜ਼ ਅੱਠ ਥਾਣਾ ਦੇ ਮੁੱਖ ਅਫਸਰ ਸਤਨਾਮ ਸਿੰਘ, ਫੇਜ਼ ਗਿਆਰਾਂ ਥਾਣੇ ਦੇ ਮੁਖੀ ਅਮਨ ਬੈਦਵਾਣ, ਥਾਣਾ ਸੋਹਾਣਾ ਦੇ ਮੁਖੀ ਅਮਨਦੀਪ ਸਿੰਘ ਅਤੇ ਆਈਟੀ ਥਾਣੇ ਦੇ ਮੁਖੀ ਸਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੁਰੱਖਿਆ ਕਰਮੀ ਤਾਇਨਾਤ ਸਨ।
ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ਤਹਿਤ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਸਬੰਧੀ ਇਹ ਫ਼ਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦਿੱਸਣ ਦੀ ਇਤਲਾਹ ਪੁਲੀਸ ਨੂੰ ਦੇਣ, ਯੁੱਧ ਨਸ਼ਿਆਂ ਵਿਰੁੱਧ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।