ਘਰਾਂ ਤੋਂ ਗੱਡੀਆਂ ਰਾਹੀਂ ਕੂੜਾ ਇਕੱਤਰ ਕਰੇਗਾ ਮੁਹਾਲੀ ਨਗਰ ਨਿਗ਼ਮ
ਮੁਹਾਲੀ ਸ਼ਹਿਰ ਵਿਚ ਰੇਹੜੀਆਂ ਦੇ ਨਾਲ-ਨਾਲ ਹੁਣ ਗੱਡੀਆਂ ਰਾਹੀਂ ਵੀ ਘਰਾਂ ਵਿਚੋਂ ਕੂੜਾ ਇਕੱਤਰ ਹੋਵੇਗਾ। ਨਗਰ ਨਿਗ਼ਮ ਵੱਲੋਂ ਇਸ ਸਬੰਧੀ 25 ਗੱਡੀਆਂ ਨੂੰ ਚਾਲੂ ਕਰ ਦਿੱਤਾ ਗਿਆ ਹੈ। ਇਹ ਗੱਡੀਆਂ ਪਹਿਲੇ ਫੇਜ਼ ਤੋਂ ਲੈ ਕੇ ਗਿਆਰਾਂ ਫੇਜ਼ ਤੱਕ ਅਤੇ ਕੁੱਝ ਸੈਕਟਰਾਂ ਵਿੱਚੋਂ ਘਰ-ਘਰ ਜਾ ਕੇ ਕੂੜਾ ਇਕੱਤਰ ਕਰਨਗੀਆਂ।
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਹੀ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਗੱਡੀਆਂ ਦੇ ਸਪੁਰਦ ਕੀਤਾ ਜਾਵੇ। ਉਨ੍ਹਾਂ ਆਪਣੇ ਵਾਰਡ ਨੰਬਰ ਦਸ ਵਿੱਚੋਂ ਕੂੜਾ ਵੱਖ ਕਰਕੇ ਲਿਆਉਣ ਸਬੰਧੀ ਜਾਗਰੂਕਤਾ ਮੁਹਿੰਮ ਆਰੰਭ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਾਰਡ ਤੋਂ ਇਹ ਜਾਗਰੂਕਤਾ ਮੁਹਿੰਮ ਆਰੰਭ ਕੀਤੀ ਹੈ ਅਤੇ ਇਸ ਨੂੰ ਪੂਰੇ ਮੁਹਾਲੀ ਵਿੱਚ ਫੈਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ 25 ਅਜਿਹੀਆਂ ਗੱਡੀਆਂ ਘਰੋ ਘਰੀ ਜਾ ਕੇ ਕੂੜਾ ਇਕੱਠਾ ਕਰਨਗੀਆਂ ਅਤੇ ਜੋ ਲੋਕ ਪਹਿਲਾਂ ਰੇਹੜੀਆਂ ਰਾਹੀਂ ਘਰਾਂ ਵਿੱਚੋਂ ਕੂੜਾ ਇਕੱਠਾ ਕਰਦੇ ਸਨ, ਉਨ੍ਹਾਂ ਨੂੰ ਹੀ ਇਸ ਕੰਮ ਉੱਤੇ ਲਗਾਇਆ ਜਾਵੇਗਾ ਤਾਂ ਜੋ ਉਨ੍ਹਾਂ ਦਾ ਰੁਜ਼ਗਾਰ ਵੀ ਬਚਿਆ ਰਹਿ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਪਿਛਲੀ ਮੀਟਿੰਗ ਵਿੱਚ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਸੀ ਤੇ ਇਹ ਕੰਮ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਰੋਜ਼ਾਨਾ ਹੀ 100 ਤੋਂ 150 ਟਨ ਕੂੜਾ ਮੁਹਾਲੀ ਵਿੱਚ ਪੈਦਾ ਹੁੰਦਾ ਹੈ ਜਾਂ ਬਾਹਰੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸੈਗਰੀਗੇਟ ਕੀਤੇ ਜਦੋਂ ਇਹ ਕੂੜਾ ਆਰਐਮਸੀ ਪੁਆਇੰਟਾਂ ਉੱਤੇ ਜਾਂਦਾ ਹੈ ਤਾਂ ਤਿੰਨ ਚਾਰ-ਦਿਨ ਸੈਗਰੀਗੇਸ਼ਨ ਨੂੰ ਲੱਗ ਜਾਂਦੇ ਹਨ ਜਿਸ ਕਾਰਨ ਗਿੱਲਾ ਕੂੜਾ ਸੜਨਾ ਸ਼ਰੂ ਹੋ ਜਾਂਦਾ ਹੈ ਤੇ ਇਸ ਵਿੱਚੋਂ ਬਦਬੂ ਆਰੰਭ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਇੱਥੋਂ ਲਾਂਘਾ ਔਖਾ ਹੋ ਜਾਂਦਾ ਸਗੋਂ ਬਿਮਾਰੀਆਂ ਫੈਲਣ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ।