ਖੁੱਲ੍ਹੇ ਛੱਡੇ ਪਸ਼ੂਆਂ ਤੇ ਨਾਜਾਇਜ਼ ਰੇਹੜੀਆਂ ਖ਼ਿਲਾਫ਼ ਮੁਹਾਲੀ ਨਿਗਮ ਸਖ਼ਤ
ਪਿਛਲੇ ਦਿਨੀਂ ਨਗਰ ਨਿਗਮ ਦੀ ਮੀਟਿੰਗ ਵਿਚ ਇਹ ਮਾਮਲਾ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਵੱਲੋਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਨਾਜਾਇਜ਼ ਰੇਹੜੀਆਂ ਵਾਲੇ ਕੌਂਸਲ ਦੇ ਕਰਮਚਾਰੀਆਂ ਨਾਲ ਵੀ ਬਦਸਲੂਕੀ ਕਰਦੇ ਹਨ, ਜਿਸ ਦੀਆਂ ਉਨ੍ਹਾਂ ਕੋਲ ਵੀਡੀਓਜ਼ ਵੀ ਮੌਜੂਦ ਹਨ। ਉਨ੍ਹਾਂ ਕਿਹਾ ਪਸ਼ੂਆਂ ਵਾਲੇ ਵੀ ਇੰਝ ਹੀ ਕਰਦੇ ਹਨ। ਕਮਿਸ਼ਨਰ ਨੇ ਇਸ ਮੌਕੇ ਹਾਊਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਨਾਜਾਇਜ਼ ਰੇਹੜੀਆਂ ਅਤੇ ਪਸ਼ੂਆਂ ਦੇ ਮਾਮਲੇ ਵਾਲਿਆਂ ਨੂੰ ਸ਼ਹਿਰ ਦੇ ਬਾਰਸੂਖ ਵਿਅਕਤੀਆਂ ਦੇ ਵੀ ਨਾਮ ਬੋਲਦੇ ਹਨ। ਕਮਿਸ਼ਨਰ ਨੇ ਇਸ ਮੌਕੇ ਕੌਂਸਲਰਾਂ ਤੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਵੀ ਲਈ ਕਿ ਉਹ ਇਨ੍ਹਾਂ ਮਾਮਲਿਆਂ ਵਿਚ ਕਿਸੇ ਦੀ ਸਿਫ਼ਾਰਸ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਗਰ ਨਿਗ਼ਮ ਵੱਲੋਂ ਇਸ ਮਾਮਲੇ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਕੰਮ ਕੀਤਾ ਜਾਵੇਗਾ ਅਤੇ ਨਾਜਾਇਜ਼ ਰੇਹੜੀਆਂ ਅਤੇ ਲਾਵਾਰਿਸ ਪਸ਼ੂਆਂ ਦੇ ਮਾਮਲੇ ਵਿਚ ਕਿਸੇ ਦੀ ਸਿਫ਼ਾਰਿਸ਼ ਵੀ ਨਹੀਂ ਮੰਨੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੁਹਾਲੀ ਸ਼ਹਿਰ ਵਿਚ ਵੱਡੇ ਪੱਧਰ ’ਤੇ ਨਾਜਾਇਜ਼ ਰੇਹੜੀਆਂ ਅਤੇ ਲਾਵਾਰਿਸ ਪਸ਼ੂਆਂ ਦੀ ਭਰਮਾਰ ਹੈ। ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰ ਵੀ ਨਾਜਾਇਜ਼ ਰੇਹੜੀਆਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਰ ਦੇ ਫੇਜ਼ ਗਿਆਰਾਂ, ਸੱਤ, ਤਿੰਨ ਆਦਿ ਦੀ ਮਾਰਕੀਟਾਂ ਵਿਚ ਨਾਜਾਇਜ਼ ਰੇਹੜੀਆਂ ਦੀ ਕਾਫ਼ੀ ਭਰਮਾਰ ਹੈ। ਨਗਰ ਨਿਗ਼ਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਹੁਤ ਜਲਦੀ ਇਨ੍ਹਾਂ ਮਾਮਲਿਆਂ ਵਿਚ ਸ਼ਹਿਰ ਵਿਚ ਵੱਡੀ ਪੱਧਰ ਤੇ ਮੁਹਿੰਮ ਵਿੱਢੀ ਜਾਵੇਗੀ।