ਮੁਹਾਲੀ ਨਿਗਮ ਦੀ ਮੀਟਿੰਗ ’ਚ ਪਾਣੀ ਦੇ ਬਿੱਲ ਵਧਾਉਣ ’ਤੇ ਸਹਿਮਤੀ
ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਅੱਜ ਰੌਲਾ-ਰੱਪਾ ਭਾਰੂ ਰਿਹਾ। ਮੀਟਿੰਗ ਵਿੱਚ ਸਫ਼ਾਈ, ਕਮਿਸ਼ਨਾਂ ਤੇ ਵਿਕਾਸ ਕੰਮਾਂ ਦਾ ਮੁੱਦਾ ਭਾਰੂ ਰਿਹਾ। ਨਿਗਮ ਕਮਿਸ਼ਨਰ ਵੱਲੋਂ ਲਿਆਂਦੇ ਮਤਿਆਂ ਤਹਿਤ ਸ਼ਹਿਰ ਵਿਚ ਪਾਣੀ ਦੇ ਬਿੱਲ ਵਧਾਉਣ, 125 ਗਜ਼ ਤੱਕ ਮਿਲਦੀ ਮੁਫ਼ਤ ਪਾਣੀ ਦੀ ਸਹੂਲਤ ਵਾਪਸ ਲੈਣ, ਨਾਰੀਅਲ ਵੇਚਣ ਵਾਲਿਆਂ ਨੂੰ ਬੋਲੀ ਕਰਵਾ ਕੇ ਮਾਰਕੀਟਾਂ ਵਿਚ ਥਾਵਾਂ ਅਲਾਟ ਕਰਨ, ਨਾਜਾਇਜ਼ ਰੇਹੜੀਆਂ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਰਗੇ ਮਤੇ ਲਿਆਂਦੇ ਗਏ, ਜਿਨ੍ਹਾਂ ਨੂੰ ਹਾਊਸ ਵੱਲੋਂ ਸਹਿਮਤੀ ਦਿੱਤੀ ਗਈ। ਜਸਬੀਰ ਸਿੰਘ ਮਣਕੂ, ਰਵਿੰਦਰ ਸਿੰਘ ਤੇ ਕਈਂ ਹੋਰਨਾਂ ਕੌਂਸਲਰਾਂ ਨੇ ਆਪੋ-ਆਪਣੇ ਮੁੱਦੇ ਉਭਾਰੇ।
ਇਸ ਮੀਟਿੰਗ ਦੀ ਪ੍ਰਧਾਨਗੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤੀ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸਮੇਤ ਸਮੁੱਚੇ ਅਧਿਕਾਰੀ ਅਤੇ ਸਮੁੱਚੇ ਕੌਂਸਲਰ ਹਾਜ਼ਰ ਸਨ। ਨਿਗਮ ਦੀ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹਾਂ ਵਿੱਚ ਮਾਰੇ ਗਏ ਲੋਕਾਂ, ਕਾਂਗਰਸੀ ਆਗੂ ਸੰਦੀਪ ਸਿੰਘ ਸੰਧੂ ਦੀ ਮਾਤਾ ਅਤੇ ਨਾਟਕਕਾਰ ਸੰਜੀਵਨ ਸਿੰਘ ਦੀ ਮਾਤਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਮੀਟਿੰਗ ਵਿਚ ਕੌਂਸਲਰਾਂ ਨੇ ਸ਼ਹਿਰ ਦੀ ਮਕੈਨੀਕਲ ਅਤੇ ਹੋਰ ਸਫ਼ਾਈ ਦਾ ਮੁੱਦਾ ਚੁੱਕਦਿਆਂ ਸਬੰਧਤ ਠੇਕੇਦਾਰ ਦਾ ਟੈਂਡਰ ਰੱਦ ਕਰਕੇ ਨਵੇਂ ਸਿਰਿਓਂ ਟੈਂਡਰ ਦੇਣ ਦੀ ਮੰਗ ਕੀਤੀ। ਕਈਂ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ ਵਿਚ ਕੂੜੇ ਦੇ ਲੱਗੇ ਢੇਰਾਂ ਦੀਆਂ ਤਸਵੀਰਾਂ ਵਿਖਾਈਆਂ। ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕਾਨੂੰਨੀ ਰਾਇ ਲੈਣ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਨੰਬਰ ਵਾਲਾ ਠੇਕੇਦਾਰ ਸਬੰਧਤ ਰਾਸ਼ੀ ਤਹਿਤ ਸਫ਼ਾਈ ਲਈ ਸਹਿਮਤ ਹੋਵੇਗਾ ਤਾਂ ਹੀ ਮੌਜੂਦਾ ਠੇਕੇਦਾਰ ਦਾ ਟੈਂਡਰ ਰੱਦ ਹੋ ਸਕੇਗਾ। ਉਨ੍ਹਾਂ ਜਲਦੀ ਹੀ ਬਦਲਵਾਂ ਰਾਹ ਲੱਭਣ ਦਾ ਭਰੋਸਾ ਦਿਵਾਇਆ।
ਮਨਜੀਤ ਸਿੰਘ ਸੇਠੀ, ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ ਨੇ ਕੌਂਸਲ ਵਿਚ ਭ੍ਰਿਸ਼ਟਾਚਾਰ ਅਤੇ ਕਮਿਸ਼ਨਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਵੱਲੋਂ ਡੀ ਓ ਲਿਖਣ ਦੇ ਬਾਵਜੂਦ ਮਾਮਲਾ ਵਿਜੀਲੈਂਸ ਨੂੰ ਨਾ ਸੌਂਪਣ ਦਾ ਮਾਮਲਾ ਉਠਾਇਆ ਅਤੇ ਕਾਰਵਾਈ ਦੀ ਮੰਗ ਕੀਤੀ। ਸੋਹਾਣਾ ਦੀ ਕੌਂਸਲਰ ਹਰਜਿੰਦਰ ਕੌਰ ਨੇ ਪਿੰਡ ਸੋਹਾਣਾ, ਰਵਿੰਦਰ ਸਿੰਘ ਨੇ ਪਿੰਡ ਕੁੰਭੜਾ ਅਤੇ ਹਰਜੀਤ ਸਿੰਘ ਭੋਲੂ ਨੇ 76 ਤੋਂ 80 ਸੈਕਟਰਾਂ ਦੇ ਮਾਮਲੇ ਉਠਾਏ। ਮੁਹਾਲੀ ਅਤੇ ਮਦਨਪੁਰ ਦੇ ਕੌਂਸਲਰਾਂ ਨੇ ਮੀਟ ਦੀਆਂ ਦੁਕਾਨਾਂ ਬੰਦ ਕਰਾਉਣ ਦੀ ਮੰਗ ਕੀਤੀ। ਇਸ ਸਬੰਧੀ ਕਮਿਸ਼ਨਰ ਨੇ ਮੌਕੇ ਤੇ ਹੀ ਇੰਸਪੈਕਟਰ ਨੂੰ ਬੁਲਾ ਕੇ ਦੁਕਾਨਾਂ ਤੁਰੰਤ ਬੰਦ ਕਰਨ ਲਈ ਕਿਹਾ।
ਕਈ ਮਾਮਲਿਆਂ ’ਤੇ ਮੇਅਰ ਤੇ ਕਮਿਸ਼ਨਰ ਦੇ ਸਟੈਂਡ ’ਚ ਵਖਰੇਵਾਂ
ਮੀਟਿੰਗ ਵਿਚ ਮੇਅਰ ਅਤੇ ਕਮਿਸ਼ਨਰ ਦੀ ਕਈ ਮਾਮਲਿਆਂ ਬਾਰੇ ਆਪਸੀ ਅਸਹਿਮਤੀ ਵੀ ਸਾਹਮਣੇ ਆਈ। ਮੇਅਰ ਵੱਲੋਂ ਟੈਂਡਰਾਂ ਵਿਚ ਕੰਮ ਦੋ ਮਹੀਨੇ ਵਿਚ ਮੁਕੰਮਲ ਕਰਾਉਣ ਸਬੰਧੀ ਦਰਜ ਕਰਨ ਅਤੇ ਕਮਿਸ਼ਨਰ ਵੱਲੋਂ ਛੇ ਮਹੀਨੇ ਦਾ ਸਮਾਂ ਦੇਣ ਸਬੰਧੀ ਪੱਖ ਰੱਖੇ ਗਏ। ਨਿਗਮ ਕੋਲ ਮੌਜੂਦ ਰਾਸ਼ੀ ਬਾਰੇ ਵੀ ਮੇਅਰ ਨੇ ਕਿਹਾ ਕਿ ਨਿਗਮ ਕੋਲ 16 ਕਰੋੜ ਮੌਜੂਦ ਹਨ ਤੇ ਦਸ ਕਰੋੜ ਸ਼ਹਿਰ ’ਤੇ ਖਰਚਿਆ ਜਾਣਾ ਚਾਹੀਦਾ ਹੈ। ਕਮਿਸ਼ਨਰ ਦਾ ਤਰਕ ਸੀ ਕਿ ਸਾਰੇ ਪੈਸੇ ਇੱਕੋ ਸਮੇਂ ਖਰਚਣ ਦੀ ਥਾਂ ਪੈਸਿਆਂ ਦੀ ਆਮਦ ਅਨੁਸਾਰ ਕੰਮ ਕਰਾਏ ਜਾਣ। ਕਮਿਸ਼ਨਰ ਨੇ ਇਹ ਵੀ ਕਿਹਾ ਕਿ ਕਿਸੇ ਦਾ ਕੋਈ ਕੰਮ ਨਹੀਂ ਰੁਕ ਰਿਹਾ ਜਦੋਂਕਿ ਮੇਅਰ ਨੇ ਕਿਹਾ ਕਿ ਵਰਕ ਆਰਡਰ ਹੋਣ ਮਗਰੋਂ ਵੀ ਕੰਮ ਰੋਕੇ ਜਾਂਦੇ ਹਨ ਅਤੇ ਕੌਂਸਲਰਾਂ ਦੇ ਕੰਮ ਨਹੀਂ ਹੁੰਦੇ।
ਪੈਸੇ ਨਹੀਂ ਤਾਂ ਨਿਗਮ ਦਫ਼ਤਰ ਨੂੰ ਜਿੰਦਾ ਲਾ ਦਿਓ: ਭੋਲੂ
ਕੌਂਸਲਰ ਹਰਜੀਤ ਭੋਲੂ ਨੇ ਕਿਹਾ ਕਿ ਜੇਕਰ ਨਿਗ਼ਮ ਕੋਲ ਪੈਸੇ ਨਹੀਂ ਤਾਂ ਫਿਰ ਇਸ ਨੂੰ ਜ਼ਿੰਦਰਾ ਹੀ ਲਗਾ ਦਿੱਤਾ ਜਾਵੇ। ਉਨ੍ਹਾਂ ਆਪਣੇ ਖੇਤਰ ਦੇ ਪਾਰਕਾਂ ਦੇ ਮਾਮਲੇ ਵਿਚ ਹੁਕਮਰਾਨ ਧਿਰ ਦੇ ਇੱਕ ਯੂਥ ਆਗੂ ਦੇ ਦਖ਼ਲ ਦਾ ਸਥਾਨਕ ਕੰਮਾਂ ਵਿਚ ਨੋਟਿਸ ਲਿਆ।