ਮੁਹਾਲੀ ਦੇ ਮੇਅਰ ਵੱਲੋਂ ਡੰਪ ਵਾਲੀ ਜ਼ਮੀਨ ਦਾ ਦੌਰਾ
ਮੁਹਾਲੀ ਵਿੱਚ ਕੂੜਾ ਪ੍ਰਬੰਧਨ ਲਈ ਥਾਂ ਦੀ ਘਾਟ ਨਾਲ ਜੂਝ ਰਹੇ ਨਗਰ ਨਿਗ਼ਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਹੋਰਨਾਂ ਨੂੰ ਸਣੇ ਸਮਗੌਲੀ ਦਾ ਦੌਰਾ ਕੀਤਾ। ਸਮਗੌਲੀ ਵਿੱਚ ਗਮਾਡਾ ਵੱਲੋਂ ਮੁਹਾਲੀ ਦੇ ਕੂੜਾ ਪ੍ਰਬੰਧਨ ਲਈ ਥਾਂ ਦਿੱਤੀ ਹੋਈ ਹੈ। ਇਸ ਮਾਮਲੇ ’ਤੇ ਵਿਧਾਇਕ ਕੁਲਵੰਤ ਸਿੰਘ ਲਗਾਤਾਰ ਨਿਗਮ ਦੇ ਮੇਅਰ ਨੂੰ ਘੇਰ ਰਹੇ ਹਨ। ਉੱਧਰ ਮੁਹਾਲੀ ਦੇ ਫੇਜ਼ ਤਿੰਨ, ਪੰਜ, ਗਿਆਰਾਂ ਅਤੇ ਪਿੰਡ ਕੰਬਾਲੀ ਦੇ ਵਸਨੀਕ ਇਨ੍ਹਾਂ ਖੇਤਰਾਂ ਵਿੱਚ ਬਣਾਏ ਕੂੜਾ ਡੰਪਾਂ ਤੋਂ ਪ੍ਰੇਸ਼ਾਨ ਹਨ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਸਫ਼ਾਈ ਦਾ ਬੁਰਾ ਹਾਲ ਹੈ ਅਤੇ ਜਨਤਕ ਥਾਵਾਂ ਉੱਤੇ ਵੀ ਥਾਂ-ਥਾਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਮਟੌਰ, ਵਾਰਡ ਨੰਬਰ ਬਾਰਾਂ ਅਤੇ ਹੋਰ ਕਈਂ ਥਾਵਾਂ ਉੱਤੇ ਕੂੜੇ ਦੇ ਢੇਰ ਦੇਖੇ ਜਾ ਸਕਦੇ ਹਨ। ਬਰਸਾਤ ਕਾਰਨ ਕੂੜੇ ਦੇ ਢੇਰਾਂ ਵਿਚੋਂ ਬਦਬੋ ਵੀ ਉੱਠਣੀ ਸ਼ੁਰੂ ਹੋ ਗਈ ਹੈ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਮਗੌਲੀ ਵਿੱਚ 50 ਏਕੜ ਥਾਂ ਵਿੱਚੋਂ ਹਾਲੇ 11 ਏਕੜ ਥਾਂ ਐਕੁਆਇਰ ਕਰਨੀ ਬਾਕੀ ਹੈ। ਜਦੋਂ ਤੱਕ ਇਹ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਬਾਕੀ ਜ਼ਮੀਨ ’ਤੇ ਪਹੁੰਚਣ ਲਈ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਉੱਥੇ ਦੋ ਸੜਕਾਂ ਲਈ 27 ਕਰੋੜ ਅਤੇ ਪਲਾਂਟ ਲਈ 20-22 ਕਰੋੜ ਵੀ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਸਰਕਾਰ ਤੁਰੰਤ ਕਰਵਾਏ ਜਾਂ ਫਿਰ ਮੁਹਾਲੀ ਦੇ ਨੇੜੇ ਥਾਂ ਮੁਹੱਈਆ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚੋਂ ਅਦਾਲਤੀ ਹੁਕਮਾਂ ਅਨੁਸਾਰ ਜਿੱਥੋਂ ਪਹਿਲਾਂ ਕੂੜਾ ਡੰਪ ਚੁੱਕਿਆ ਗਿਆ ਸੀ, ਉਸ ਦੇ ਨਾਲ ਗਿਆਰਾਂ-ਬਾਰਾਂ ਏਕੜ ਥਾਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਉਹ ਥਾਂ ਤੁਰੰਤ ਕੂੜਾ ਸੁੱਟਣ ਅਤੇ ਕੂੜੇ ਦੀ ਕਾਂਟ-ਛਾਂਟ ਕਰਨ ਲਈ ਮੁਹੱਈਆ ਕਰਾਉਣੀ ਚਾਹੀਦੀ ਹੈ।
ਫੇਜ਼ 11 ਦੇ ਵਾਸੀਆਂ ਵੱਲੋਂ ਨਾਅਰੇਬਾਜ਼ੀ
ਫੇਜ਼ ਗਿਆਰਾਂ ਦੇ ਵਸਨੀਕਾਂ ਨੇ ਪਿੰਡ ਕੰਬਾਲੀ ਨੇੜੇ ਰੇਲਵੇ ਲਾਈਨ ਕੋਲ ਲਗਾਏ ਕੂੜਾ ਪ੍ਰਾਸੈਸਿੰਗ ਪਲਾਂਟ ਨੂੰ ਚੁੱਕਣ ਦੀ ਮੰਗ ਲਈ ਪ੍ਰਦਰਸ਼ਨ ਕੀਤਾ। ਉਨ੍ਹਾਂ ਨਗਰ ਨਿਗਮ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਕੌਂਸਲਰ ਕੁਲਵੰਤ ਸਿੰਘ ਕਲੇਰ ਨੇ ਆਖਿਆ ਕਿ ਕੂੜੇ ਦਾ ਢੇਰ ਪਹਾੜ ਬਣਦਾ ਜਾ ਰਿਹਾ ਹੈ। ਬਦਬੂ ਕਾਰਨ ਲੋਕਾਂ ਔਖੇ ਹਨ। ਧਰਨਾਕਾਰੀਆਂ ਨੇ ਕਿਹਾ ਕਿ ਨਗਰ ਨਿਗਮ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਲਾਰਿਆਂ ’ਚ ਰੱਖ ਕੇ ਡੰਗ ਟਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਲੋਕਾਂ ਦੀ ਇਸ ਹੱਕੀ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਫੇਜ਼ ਗਿਆਰਾਂ ਦੇ ਵਸਨੀਕ ਪੱਕਾ ਮੋਰਚਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਐੱਮਸੀ ਜਸਬੀਰ ਸਿੰਘ ਮਣਕੂ, ਬਖਸ਼ੀਸ਼ ਸਿੰਘ, ਗੁਰਮੇਲ ਸਿੰਘ ਮੌਜੇਵਾਲ, ਚਰਨਜੀਤ ਸਿੰਘ, ਸੁਖਮਿੰਦਰ ਸਿੰਘ ਬਰਨਾਲਾ ਸਾਬਕਾ ਕੌਂਸਲਰ, ਕੈਪਟਨ ਕਰਨੈਲ ਸਿੰਘ, ਜਗਦੀਸ਼ ਸਿੰਘ, ਹਰਪਾਲ ਸਿੰਘ, ਕੁਲਦੀਪ ਸਿੰਘ, ਰਮਣੀਕ ਸਿੰਘ, ਪੂਨਮ ਸਿੰਘ, ਧਰਮਪਾਲ ਹੁਸ਼ਿਆਰਪੁਰੀ, ਓਕਾਂਰ ਸਿੰਘ, ਗੁਰਿੰਦਰਜੀਤ ਕਲਸੀ, ਹਰਬੰਸ ਸਿੰਘ, ਜਰਨੈਲ ਸਿੰਘ ਅਤੇ ਮਹਿਲਾਵਾਂ ਤੇ ਬੱਚੇ ਵੀ ਹਾਜ਼ਰ ਸਨ।