ਮੋਹਾਲੀ ਹਿੱਟ ਐਂਡ ਰਨ ਕੇਸ: ਨਾਜਾਇਜ਼ ਸਬੰਧਾਂ ਕਾਰਨ ਨੂੰਹ ਅਤੇ ਡਰਾਈਵਰ ਨੇ ਰਚੀ ਕਤਲ ਦੀ ਸਾਜਿਸ਼
ਇੱਥੋਂ ਦੇ ਫੇਜ਼-2 ਦੇ ਵਸਨੀਕ ਭਰਤ ਭੂਸ਼ਣ ਨੂੰ ਆਪਣੀ 80 ਸਾਲਾ ਮਾਂ ਸੁਰਿੰਦਰ ਕੌਰ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਲਈ ਅੱਠ ਸਾਲ ਤੱਕ ਲੰਬੀ ਲੜਾਈ ਲੜਨੀ ਪਈ ਹੈ।
80 ਸਾਲਾ ਸੁਰਿੰਦਰ ਕੌਰ ਦੀ ਮੌਤ 18 ਅਗਸਤ 2017 ਦੀ ਤੜਕੇ ਸੈਕਟਰ 71 ਨੇੜੇ ਇੱਕ ਹਿੱਟ-ਐਂਡ-ਰਨ ਕੇਸ ਵਿੱਚ ਹੋਈ ਸੀ। ਹਾਲਾਂਕਿ ਪੁੱਤਰ ਦੀ ਸਖ਼ਤ ਮਿਹਨਤ ਸਦਕਾ ਹੁਣ ਸਾਹਮਣੇ ਆਇਆ ਹੈ ਕਿ ਇਹ ਸਿਰਫ਼ ਇੱਕ ਦੁਰਘਟਨਾ ਨਹੀਂ ਸੀ, ਸਗੋਂ ਉਸਦੀ ਪਤਨੀ, ਪਤਨੀ ਦੇ ਪਰਿਵਾਰਕ ਮੈਂਬਰਾਂ ਅਤੇ ਇੱਕ ਕੈਬ ਡਰਾਈਵਰ ਵੱਲੋਂ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਸੀ।
ਹੈਰਾਨ ਕਰਨ ਵਾਲੀ ਸਾਜ਼ਿਸ਼ ਦਾ ਖੁਲਾਸਾ
ਭੂਸ਼ਣ ਨੇ ਸਬੂਤ ਵਜੋਂ ਸੀਸੀਟੀਵੀ ਫੁਟੇਜ ਅਤੇ ਹੋਰ ਜਾਣਕਾਰੀ ਇਕੱਠੀ ਕੀਤੀ, ਜਿਸ ਤੋਂ ਪਤਾ ਲੱਗਾ ਕਿ ਸਾਜ਼ਿਸ਼ ਵਿੱਚ ਉਸਦੀ ਪਤਨੀ ਸੁਨੀਤਾ (ਇੱਕ ਸਕੂਲ ਅਧਿਆਪਕ), ਅਤੇ ਸਕੂਲ ਤੋਂ ਉਸਨੂੰ ਲਿਆਉਣ-ਛੱਡਣ ਵਾਲਾ ਕੈਬ ਡਰਾਈਵਰ ਤਰਨਜੀਤ ਸਿੰਘ ਉਰਫ਼ ਲਾਡੀ ਸ਼ਾਮਲ ਸਨ।
ਭੂਸ਼ਣ ਨੇ ਅਦਾਲਤ ਵਿੱਚ ਦੱਸਿਆ ਕਿ ਉਸਦੀ ਸੱਸ ਸੁਰਿੰਦਰ ਕੌਰ ਨੂੰ ਸੁਨੀਤਾ ਅਤੇ ਕੈਬ ਡਰਾਈਵਰ ਤਰਨਜੀਤ ਸਿੰਘ ਦੇ ਕਥਿਤ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ। ਸੁਰਿੰਦਰ ਕੌਰ ਨੂੰ ਰਸਤੇ 'ਚੋਂ ਹਟਾਉਣ ਲਈ ਸੁਨੀਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਇੱਕ ਸਾਜ਼ਿਸ਼ ਰਚੀ ਤਾਂ ਜੋ ਇਸ ਘਟਨਾ ਨੂੰ ਹਿੱਟ-ਐਂਡ-ਰਨ ਦੁਰਘਟਨਾ ਦਾ ਰੂਪ ਦਿੱਤਾ ਜਾ ਸਕੇ।
ਸ਼ਿਕਾਇਤਕਰਤਾ ਨੇ ਖੁਦ ਖੇਤਰ ਦੇ ਸੀਸੀਟੀਵੀ ਫੁਟੇਜ ਹਾਸਲ ਕੀਤੇ, ਜਿਸ ਤੋਂ ਪਤਾ ਲੱਗਾ ਕਿ ਹਾਦਸੇ ਵਾਲੀ ਥਾਂ ਦੇ ਨੇੜੇ ਇੱਕ ਕਾਰ ਨੇ ਯੂ-ਟਰਨ ਲਿਆ ਅਤੇ ਪੀੜਤਾ ਵੱਲ ਵਧੀ। ਇਸ ਤੋਂ ਕੁਝ ਦੇਰ ਬਾਅਦ ਫੇਜ਼-2 ਮੰਦਿਰ ਕੋਲ ਦੇ ਫੁਟੇਜ ਵਿੱਚ ਵਾਹਨ ਨੂੰ ਨੁਕਸਾਨਿਆ ਹੋਇਆ ਅਤੇ ਉਸ ਦੀਆਂ ਹੈੱਡਲਾਈਟਾਂ ਟੁੱਟੀਆਂ ਹੋਈਆਂ ਦੇਖਿਆ ਗਿਆ।
ਅਗਲੇ ਹੀ ਦਿਨ ਭੂਸ਼ਣ ਨੇ ਦੇਖਿਆ ਕਿ ਲਾਡੀ, ਜੋ ਉਸਦੀ ਪਤਨੀ ਨੂੰ ਸਕੂਲ ਲੈਣ-ਛੱਡਣ ਜਾਂਦਾ ਸੀ, ਆਪਣੀ ਕਾਰ 'ਤੇ ਡੈਂਟਿੰਗ ਅਤੇ ਪੇਂਟਿੰਗ ਦਾ ਕੰਮ ਕਰਵਾ ਰਿਹਾ ਸੀ।
ਸਾਰੇ ਸਬੂਤਾਂ ਦੇ ਆਧਾਰ 'ਤੇ ਮੋਹਾਲੀ ਅਦਾਲਤ ਨੇ 3 ਨਵੰਬਰ ਨੂੰ ਕੈਬ ਡਰਾਈਵਰ ਤਰਨਜੀਤ ਸਿੰਘ ਉਰਫ਼ ਲਾਡੀ, ਸੁਨੀਤਾ (ਭਰਤ ਭੂਸ਼ਣ ਦੀ ਪਤਨੀ) ਅਤੇ ਸੁਨੀਤਾ ਦੇ ਪਰਿਵਾਰਕ ਮੈਂਬਰਾਂ ਸਮੇਤ ਕੁੱਲ ਛੇ ਮੁਲਜ਼ਮਾਂ ਨੂੰ ਕਤਲ (Murder) ਅਤੇ ਅਪਰਾਧਿਕ ਸਾਜ਼ਿਸ਼ (Criminal Conspiracy) ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਲਬ ਕੀਤਾ ਹੈ।
