ਮੁਹਾਲੀ ਜ਼ਿਲ੍ਹੇ ਦੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਮੁਲਤਵੀ
ਡਿਪਟੀ ਕਮਿਸ਼ਨਰ ਨੇ ਚੋਣ ਕਮਿਸ਼ਨਰ ਨੂੰ ਭੇਜੇ ਪੱਤਰ ਵਿੱਚ ਦੱਸਿਆ ਸੀ ਕਿ ਮੁਹਾਲੀ ਬਲਾਕ ਦੀਆਂ 15 ਪੰਚਾਇਤਾਂ ਚਿੱਲਾ, ਕੰਬਾਲੀ, ਰੁੜਕਾ, ਨਾਨੂੰਮਾਜਰਾ, ਸੰਭਾਲਕੀ, ਲਾਂਡਰਾਂ, ਨਿਊ ਲਾਂਡਰਾਂ, ਬਲਿਆਲੀ, ਲਖਨੌਰ, ਬਲੌਂਗੀ, ਬਲੌਂਗੀ ਕਲੋਨੀ, ਮੌਲੀ ਬੈਦਵਾਣ, ਬੱਲੋਮਾਜਰਾ, ਚੱਪੜਚਿੜੀ ਖੁਰਦ ਅਤੇ ਚੱਪੜਚਿੜੀ ਕਲਾਂ ਹੁਣ ਨਗਰ ਨਿਗਮ ਮੁਹਾਲੀ ਦੀ ਹਦੂਦ ਵਿੱਚ ਸ਼ਾਮਲ ਹੋ ਗਈਆਂ ਹਨ। ਇਸ ਕਾਰਨ ਪੰਚਾਇਤ ਸਮਿਤੀ ਮੁਹਾਲੀ ਦੇ ਅੱਠ ਜ਼ੋਨਾਂ ਅਤੇ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨਾਂ (ਮੁਹਾਲੀ ਤੇ ਕੁਰੜਾ) ਦੀ ਆਬਾਦੀ ਘਟ ਗਈ ਹੈ, ਜਿਸ ਕਰਕੇ ਨਵੇਂ ਸਿਰੇ ਤੋਂ ਹੱਦਬੰਦੀ ਕਰਨੀ ਪਵੇਗੀ। ਪਹਿਲੀ ਦਸੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਣ ਕਾਰਨ ਇੰਨੇ ਘੱਟ ਸਮੇਂ ਵਿੱਚ ਇਹ ਕੰਮ ਸੰਭਵ ਨਹੀਂ, ਜਿਸ ਕਰਕੇ ਚੋਣਾਂ ਟਾਲਣੀਆਂ ਪਈਆਂ।
ਅਕਾਲੀ ਦਲ ਨੇ ਚੁੱਕੇ ਸਵਾਲ
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਸਮੁੱਚੇ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਦੀ ਚੋਣ ਮੁਲਤਵੀ ਕਰਨ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿਰਫ਼ ਦੋ ਜ਼ੋਨਾਂ (ਮੌਲੀ ਬੈਦਵਾਣ ਤੇ ਕੁਰੜਾ) ’ਤੇ ਅਸਰ ਪਿਆ ਹੈ ਤਾਂ ਬਾਕੀ ਜ਼ੋਨਾਂ ਦੀਆਂ ਚੋਣਾਂ ਕਿਉਂ ਰੋਕੀਆਂ ਗਈਆਂ? ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਮਾਜਰੀ, ਖਰੜ ਅਤੇ ਡੇਰਾਬੱਸੀ ਵਿੱਚ ਪੰਚਾਇਤ ਸਮਿਤੀ ਚੋਣਾਂ ਹੋ ਰਹੀਆਂ ਹਨ ਤਾਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵੀ ਨਾਲ ਹੀ ਹੋਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਵੋਟਰਾਂ ਨੂੰ ਦੋ ਵਾਰ ਵੋਟਾਂ ਪਾਉਣੀਆਂ ਪੈਣਗੀਆਂ ਅਤੇ ਸਰਕਾਰ ’ਤੇ ਵੀ ਵਾਧੂ ਵਿੱਤੀ ਬੋਝ ਪਵੇਗਾ। ਉਨ੍ਹਾਂ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਜੇ ਮਾਜਰੀ, ਡੇਰਾਬੱਸੀ ਅਤੇ ਖਰੜ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਕਰਾਈਆਂ ਜਾਣੀਆਂ ਹਨ ਤਾਂ ਇਨ੍ਹਾਂ ਬਲਾਕਾਂ ਅਧੀਨ ਪੈਂਦੇ ਜ਼ਿਲ੍ਹਾ ਪਰਿਸ਼ਦ ਜ਼ੋਨਾਂ ਦੀਆਂ ਚੋਣਾਂ ਵੀ ਨਾਲ ਹੀ ਕਰਵਾਈਆਂ ਜਾਣ।
