ਮੋਦੀ ਸਰਕਾਰ ਨੇ ਜੀ ਐੱੋਸ ਟੀ-2 ਨਾਲ ਹਰ ਵਰਗ ਦਾ ਖਿਆਲ ਰੱਖਿਆ: ਲਾਲਪੁਰਾ
ਭਾਜਪਾ ਦੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਹਰ ਵਿਅਕਤੀ ਨੂੰ ਲਾਭ ਪਹੁੰਚਾਉਣ ਲਈ ਜੀਐੱਸਟੀ 2 ਲਾਗੂ ਕੀਤਾ ਹੈ, ਤਾਂ ਜੋ ਲਾਈਨ ਵਿੱਚ ਲੱਗੇ ਆਖਰੀ ਵਿਅਕਤੀ ਨੂੰ ਵੀ ਲਾਭ ਮਿਲ ਸਕੇ। ਲਾਲਪੁਰਾ ਨੇ ਕਿਹਾ ਕਿ 11 ਸਾਲ ਪਹਿਲਾਂ, 2014 ਵਿੱਚ, ਭਾਰਤ ਦੀ ਆਰਥਿਕਤਾ 15ਵੇਂ ਸਥਾਨ ’ਤੇ ਸੀ। ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ, ਦੇਸ਼ ਦੀ ਆਰਥਿਕਤਾ ਨੂੰ 15ਵੇਂ ਤੋਂ ਚੌਥੇ ਸਥਾਨ ’ਤੇ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਜੀਐੱਸਟੀ ਦਰਾਂ ਘਟਣ ਨਾਲ ਦੇਸ਼ ਦੇ ਹਰ ਵਿਅਕਤੀ ਨੂੰ ਲਾਭ ਪਹੁੰਚਿਆ ਹੈ ਤੇ ਤਿਉਹਾਰੀ ਸੀਜ਼ਨ ਵਿਚ ਬਾਜ਼ਾਰਾਂ ਵਿਚ ਰੌਣਕਾਂ ਲਗ ਗਈਆਂ ਹਨ। ਲਾਲਪੁਰਾ ਨੇ ਪੰਜਾਬ ਸਰਕਾਰ ਦੇ ਜੀਐੱਸਟੀ ਸੰਗ੍ਰਹਿ ਦੇ ਅੰਕੜਿਆਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ, ਉੱਤਰ ਪ੍ਰਦੇਸ਼ ਵਰਗੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਕਾਫ਼ੀ ਪਛੜ ਗਿਆ ਹੈ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਉਦਯੋਗਪਤੀ ਆਪਣੇ ਉਦਯੋਗਾਂ ਨੂੰ ਪੰਜਾਬ ਤੋਂ ਬਾਹਰ ਲਿਜਾ ਰਹੇ ਹਨ, ਕਿਉਂਕਿ ਇੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਕਾਫ਼ੀ ਵਿਗੜ ਗਈ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਸੰਜੀਵ ਖੰਨਾ, ਕਮਲਜੀਤ ਸੈਣੀ ਅਤੇ ਜ਼ਿਲ੍ਹਾ ਭਾਜਪਾ ਮੀਡੀਆ ਇੰਚਾਰਜ ਚੰਦਰ ਸ਼ੇਖਰ ਵੀ ਮੌਜੂਦ ਸਨ।