ਕੁੰਭੜਾ ’ਚ ਬਣੇਗਾ ਆਧੁਨਿਕ ਕਮਿਊਨਿਟੀ ਸੈਂਟਰ: ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਨੇ ਅੱਜ ਪਿੰਡ ਕੁੰਭੜਾ ਵਿੱਚ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਇੱਕ ਏਕੜ ਥਾਂ ਵਿੱਚ ਢਾਈ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਹ ਸੈਂਟਰ ਇੱਕ ਸਾਲ ਵਿੱਚ ਤਿਆਰ ਹੋ ਜਾਵੇਗਾ। ਕਮਿਊਨਿਟੀ ਸੈਂਟਰ ਵਿੱਚ ਵੱਡਾ ਹਾਲ, ਰਸੋਈ, ਪਖਾਨੇ, ਵਰਾਂਡਾ, ਵਾਸ਼ਿੰਗ ਅਤੇ ਸਟੋਰੇਜ਼ ਏਰੀਆ ਸ਼ਾਮਲ ਹੋਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਨੇ ਕੁੰਭੜਾ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸ਼ਹਿਰ ਤੇ ਪਿੰਡਾਂ ਦਾ ਨਿਯਮਿਤ ਵਿਕਾਸ ਲਗਾਤਾਰ ਜਾਰੀ ਹੈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹਾਲੀ ਨਿਗਮ ਦੀਆਂ ਚੋਣਾਂ ਸਮੇਂ ਸਿਰ ਨਾ ਹੋ ਸਕਣ ਦੀ ਗੱਲ ਨੂੰ ਸਿਰੇ ਤੋਂ ਖ਼ਾਰਜ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਿਗਮ ਦੀਆਂ ਚੋਣਾਂ ਸੂਬੇ ਦੀਆਂ ਹੋਰਨਾਂ ਸਥਾਨਕ ਸਰਕਾਰ ਚੋਣਾਂ ਵਾਂਗ ਸਮੇਂ ਸਿਰ ਫਰਵਰੀ-ਮਾਰਚ 2026 ਵਿੱਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵਾਰਡਬੰਦੀ ਦੀ ਪ੍ਰਕਿਰਿਆ ਨਵੇਂ ਸਿਰਿਓਂ ਪੂਰੀ ਕੀਤੀ ਜਾ ਰਹੀ ਹੈ।
ਵਿਧਾਇਕ ਨੇ ਕਿਹਾ ਕਿ ਪਿੰਡ ਬਲੌਂਗੀ, ਬੜਮਾਜਰਾ ਅਤੇ ਟੀ ਡੀ ਆਈ ਇਲਾਕੇ ਦੇ ਲੋਕਾਂ ਵੱਲੋਂ ਮੁਹਾਲੀ ਕਾਰਪੋਰੇਸ਼ਨ ਵਿੱਚ ਸ਼ਾਮਲ ਹੋਣ ਦੀ ਉੱਠਦੀ ਮੰਗ ਨੂੰ ਉਹ ਹਮੇਸ਼ਾ ਉੱਚ ਪੱਧਰ ’ਤੇ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ 20 ਸਾਲਾਂ ਤੋਂ ਬਲੌਂਗੀ ਵਾਸੀਆਂ ਨੂੰ ਸ਼ਹਿਰ ਵਿੱਚ ਸ਼ਾਮਲ ਹੋਣ ਲਈ ਲਾਰਾ ਲਾ ਰੱਖਿਆ ਹੈ, ਉਹੀ ਹੁਣ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਕੀਤੀ ਗ਼ਲਤ ਵਾਰਡਬੰਦੀ ਦੀ ਥਾਂ ਇਸ ਢੰਗ ਨਾਲ ਵਾਰਡ ਬਣਾਏ ਜਾਣਗੇ ਕਿ ਲੋਕਾਂ ਨੂੰ ਆਪਣੇ ਚੁਣੇ ਨੁਮਾਇੰਦੇ ਤੱਕ ਪਹੁੰਚ ਕਰਨ ਲਈ 500 ਤੋਂ 700 ਮੀਟਰ ਦੀ ਦੂਰੀ ਤੋਂ ਬਾਹਰ ਨਾ ਜਾਣਾ ਪਵੇ।
ਇਸ ਮੌਕੇ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਨੇ ਵਿਧਾਇਕ ਕੁਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਇਲਾਕੇ ਦੇ ਲੋਕਾਂ ਲਈ ਇੱਕ ਵਿਲੱਖਣ ਤੇ ਮਿਸਾਲੀ ਪ੍ਰਾਜੈਕਟ ਸਾਬਤ ਹੋਵੇਗਾ। ਇਸ ਮੌਕੇ ਨਿਗਮ ਕਮਿਸ਼ਨਰ ਭੁਪਿੰਦਰਪਾਲ ਸਿੰਘ, ਸਰਬਜੀਤ ਸਿੰਘ ਸਮਾਣਾ ਕੌਂਸਲਰ, ਹਰਮੇਸ਼ ਸਿੰਘ ਕੁੰਭੜਾ ਬਲਾਕ ਪ੍ਰਧਾਨ, ਮਾਸਟਰ ਭੁਪਿੰਦਰ ਸਿੰਘ, ਰਾਜੀਵ ਵਸ਼ਿਸ਼ਟ, ਕਰਮਜੀਤ ਕੌਰ ਐੱਮ ਸੀ ਮਟੌਰ, ਜਸਪਾਲ ਸਿੰਘ, ਸੁਖਦੇਵ ਸਿੰਘ ਪਟਵਾਰੀ ਐੱਮ ਸੀ, ਅਰੁਣ ਗੋਇਲ, ਡਾ. ਕੁਲਦੀਪ ਸਿੰਘ, ਮੱਖਣ ਸਿੰਘ ਕਜਹੇੜੀ ਆਦਿ ਹਾਜ਼ਰ ਸਨ।
