ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਅਕਾਲਗੜ੍ਹ ’ਚ ਲਾਮਬੰਦੀ
ਇਸ ਮੌਕੇ ਸਰਪੰਚ ਗੁਰਜੰਟ ਸਿੰਘ ਅਕਾਲਗੜ੍ਹ, ਸਰਪੰਚ ਅਮਰਿੰਦਰ ਸਿੰਘ ਧਗਧਾਣਾ, ਸਰਪੰਚ ਤਜਿੰਦਰ ਸਿੰਘ ਗੁੰਨੋ ਮਾਜਰਾ, ਸਤਨਾਮ ਸਿੰਘ (ਪ੍ਰਧਾਨ ਗੁਰਦੁਆਰਾ ਕਮੇਟੀ), ਜਗਤਾਰ ਸਿੰਘ, ਧਰਮਪਾਲ ਸਿੰਘ, ਸੁਖਬੀਰ ਸਿੰਘ, ਭੁਪਿੰਦਰ ਸਿੰਘ, ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰਾ, ਮੁਕੇਸ਼ ਰਾਣਾ ਸਾਬਕਾ ਕੌਂਸਲਰ, ਮੇਜਰ ਸਿੰਘ, ਸੁਖਦੇਵ ਸਿੰਘ, ਸੰਦੀਪ ਸ਼ਰਮਾ ਆਦਿ ਹਾਜ਼ਰ ਸਨ।
ਤਿਆਰੀਆਂ ਸਬੰਧੀ ਬੀਕੇਯੂ ਕਾਦੀਆਂ ਦੀ ਮੀਟਿੰਗ ਅੱਜ
ਖਮਾਣੋਂ (ਜਗਜੀਤ ਕੁਮਾਰ): ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਅਮਰਾਲਾ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੀ ਜ਼ਰੂਰੀ ਮੀਟਿੰਗ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿੱਚ ਭਲਕੇ ਸੋਮਵਾਰ ਨੂੰ ਸਵੇਰੇ 11 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਅਗਸਤ ਨੂੰ ਨਵੀਂ ਅਨਾਜ ਮੰਡੀ ਸਮਰਾਲਾ ਵਿੱਚ ਰੱਖੇ ਇਕੱਠ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਰ ਵਰਗ ਦੇ ਲੋਕਾਂ ਦੀ ਭਰਵੀਂ ਸ਼ਮੂਲੀਅਤ ਸਬੰਧੀ ਚਰਚਾ ਕੀਤੀ ਜਾਵੇਗੀ। ਉਨ੍ਹਾਂ ਸਾਰੇ ਵਰਗਾਂ ਦੇ ਨੁਮਾਇੰਦਿਆਂ ਨੂੰ ਮੀਟਿੰਗ ਵਿੱਚ ਪਹੁੰਚ ਕੇ ਵਿਚਾਰ ਰੱਖਣ ਦੀ ਅਪੀਲ ਕੀਤੀ।
ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਨਹੀਂ ਦਿਆਂਗੇ: ਜਲਵੇੜਾ
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਪ੍ਰੋਫੈਸਰ ਧਰਮਜੀਤ ਜਲਵੇੜਾ ਨੇ ਕਿਹਾ ਕਿ ਲੈਂਡ ਪੂਲਿੰਗ ਦੇ ਬਹਾਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਕਿਸੇ ਵੀ ਕੀਮਤ ’ਤੇ ਦੱਬਣ ਨਹੀਂ ਦਿੱਤੀਆਂ ਜਾਣਗੀਆਂ। ਪੰਜਾਬ ਖੇਤੀ ਕਿੱਤੇ ਨਾਲ਼ ਜਾਣਿਆ ਜਾਂਦਾ, ਖੇਤ ਖਤਮ ਪਿੰਡ ਖਤਮ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਬਲਾਕ ਸਰਹਿੰਦ ਅਤੇ ਖੇੜਾ ਵਿੱਚ ਕਿਸੇ ਕਿਸਾਨ ਦੀ ਲੈਂਡ ਪੂਲਿੰਗ ਅਧੀਨ ਜਬਰੀ ਜ਼ਮੀਨ ਦੱਬਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਾਨੂੰਨੀ ਮਦਦ ਲਈ 5 ਮੈਂਬਰੀ ਵਕੀਲਾਂ ਦੇ ਪੈਨਲ ਦਾ ਵੀ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਪੰਚਾਇਤਾਂ ਵੱਲੋਂ ਇਸ ਪਾਲਿਸੀ ਖਿਲਾਫ਼ ਲਗਾਤਾਰ ਮਤੇ ਪਾਉਣ ਦਾ ਸਿਲਸਿਲਾ ਜਾਰੀ ਹੈ।
ਜ਼ਮੀਨ ਨੂੰ ਜਬਰੀ ਨਹੀਂ ਖੋਹਿਆ ਜਾ ਸਕਦਾ: ਗਿੱਲ
ਅਮਲੋਹ (ਰਾਮ ਸਰਨ ਸੂਦ): ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕੰਵਲਜੀਤ ਸਿੰਘ ਗਿੱਲ ਤੇ ਜਥੇਦਾਰ ਜਰਨੈਲ ਸਿੰਘ ਮਾਜਰੀ ਨੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ‘ਆਪ’ ਸਰਕਾਰ ਕੇਂਦਰ ਦੀ ਤਰਜ਼ ’ਤੇ ਜ਼ਮੀਨਾਂ ਨੂੰ ਕਾਰਪੋਰੇਟ ਹਵਾਲੇ ਕਰਨ ਵਿੱਚ ਲੱਗੀ ਹੋਈ ਹੈ ਜਿਸ ਨੂੰ ਪੰਜਾਬ ਦਾ ਕੋਈ ਵੀ ਵਰਗ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਇਥੋਂ ਦੇ ਨਿਵਾਸੀਆ ਦੀਆਂ ਦਿਹਾਤੀ ਇਲਾਕੇ ਦੀਆਂ ਜਮੀਨਾਂ ਨੂੰ ਜ਼ਬਰੀ ਕੌਡੀਆ ਦੇ ਭਾਅ ਖੋਹ ਕੇ ਨਵੇਂ ਸ਼ਹਿਰ ਬਣਾਉਣ ਦੀ ਕਾਰਵਾਈ ਨੂੰ ਅਮਲ ਵਿੱਚ ਲਿਆ ਰਹੀ ਹੈ ਜਿਸ ਕਾਰਨ ਸਮੁੱਚੇ ਪੰਜਾਬ ਅਤੇ ਕਿਸਾਨਾਂ ਵਿੱਚ ਸਖਤ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲਵੇ।