ਵਿਧਾਇਕ ਨੇ ਲਾਲੜੂ ਮੰਡੀ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਲਾਲੜੂ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਜਿਸ ਨਾਲ ਜ਼ਿਲ੍ਹੇ ਵਿੱਚ ਖਰੀਦ ਮੰਡੀਕਰਨ ਸੀਜ਼ਨ 2025 ਦੀ ਰਸਮੀ ਸ਼ੁਰੂਆਤ ਹੋਈ।
ਕਿਸਾਨ ਬਲਵਿੰਦਰ ਸਿੰਘ ਤੇ ਦਵਿੰਦਰ ਸਿੰਘ ਆਪਣੀ ਫਸਲ ਵੇਚਣ ਵਾਲੇ ਪਹਿਲੇ ਕਿਸਾਨ ਬਣੇ, ਜਿਨ੍ਹਾਂ ਦੀ ਫ਼ਸਲ ਨੂੰ ਪਨਗਰੇਨ ਦੁਆਰਾ 2,389 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਖਰੀਦਿਆ ਗਿਆ। ਸੀਜ਼ਨ ਦੀ ਸਫਲ ਸ਼ੁਰੂਆਤ ’ਤੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਵਧਾਈ ਦਿੰਦੇ ਹੋਏ, ਸ੍ਰੀ ਰੰਧਾਵਾ ਨੇ ਕਿਹਾ ਕਿ ਖਰੀਦ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਹੋ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਹੋਰ ਦਿਨ ਮਿਲ ਸਕਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਉਦੋਂ ਹੀ ਵਾਢੀ ਕਰਨ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਜੋ ਨਿਰਧਾਰਤ 17 ਪ੍ਰਤੀਸ਼ਤ ਸੀਮਾ ਤੋਂ ਵੱਧ ਨਮੀ ਦੀ ਮਾਤਰਾ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਮੰਡੀਆਂ ਵਿੱਚ ਸਿਰਫ਼ ਸੁੱਕਾ ਝੋਨਾ ਲਿਆਉਣ ਅਤੇ ਪਰਾਲੀ ਸਾੜਨ ਤੋਂ ਬਿਨਾਂ, ਜ਼ਿੰਮੇਵਾਰੀ ਨਾਲ ਫ਼ਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਦੀ ਅਪੀਲ ਵੀ ਕੀਤੀ।