ਵਿਧਾਇਕ ਵੱਲੋਂ 2.41 ਕਰੋੜ ਦੇ ਸੜਕੀ ਪ੍ਰਾਜੈਕਟ ਦੀ ਸ਼ੁਰੂਆਤ
ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਦੇ ਪਿੰਡ ਸਰਸੀਣੀ ਤੋਂ ਝੱਜੋਂ ਵਾਇਆ ਟਿਵਾਣਾ ਤੱਕ ਲਿੰਕ ਰੋਡ ਦੇ ਅਪਗ੍ਰੇਡੇਸ਼ਨ ਅਤੇ ਚੌੜੀ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਕਰੀਬ 4.60 ਕਿਲੋਮੀਟਰ ਦੇ ਇਸ ਪ੍ਰਾਜੈਕਟ ਨੂੰ 2.41 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾਈ ਤੱਕ ਨਵੀਨੀਕਰਨ ਅਤੇ ਅਪਗ੍ਰੇਡ ਕੀਤਾ ਜਾਵੇਗਾ।
ਇਹ ਲਿੰਕ ਸੜਕ ਸਰਸੀਣੀ, ਟਿਵਾਣਾ, ਖਜੂਰ ਮੰਡੀ, ਸਾਧਾਪੁਰ ਅਤੇ ਡੰਗਡੇਹਰਾ ਦੇ ਲੋਕਾਂ ਲਈ ਰਾਜਪੁਰਾ ਅਤੇ ਪਟਿਆਲਾ ਤੱਕ ਵੀ ਸਿੱਧੀ ਅਤੇ ਮੁਸ਼ਕਲ ਰਹਿਤ ਪਹੁੰਚ ਨੂੰ ਸੌਖਾ ਬਣਾਏਗੀ, ਕਿਉਂਕਿ ਇਹ ਸੜਕ ਰਾਜਪੁਰਾ-ਪਟਿਆਲਾ ਹਾਈਵੇਅ ਨਾਲ ਅੱਗੇ ਜੁੜਦੀ ਹੈ। ਪਹਿਲਾਂ ਇਹ ਸੜਕ ਸਿਰਫ਼ 10 ਫੁੱਟ ਚੌੜੀ ਸੀ ਅਤੇ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। 18 ਫੁੱਟ ਚੌੜੀ ਹੋਣ ਨਾਲ, ਆਵਾਜਾਈ ਬਹੁਤ ਸੁਚਾਰੂ ਹੋ ਜਾਵੇਗੀ।
ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਇਹ ਪ੍ਰਾਜੈਕਟ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੰਤੁਲਿਤ ਅਤੇ ਯੋਜਨਾਬੱਧ ਵਿਕਾਸ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ, ਉਨ੍ਹਾਂ ਨੇ ਇਸ ਮਹੱਤਵਪੂਰਨ ਸੜਕ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ ।
ਭਵਿੱਖ ਦੀਆਂ ਯੋਜਨਾਵਾਂ ਬਾਰੇ ਉਨ੍ਹਾਂ ਐਲਾਨ ਕੀਤਾ ਕਿ ਟਿਵਾਣਾ ਪਿੰਡ ਵਿਖੇ ਘੱਗਰ ਨਦੀ ’ਤੇ 100 ਮੀਟਰ ਦਾ ਸਟੀਲ ਪੁਲ ਕਰੀਬ ਅੱਠ ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਡਿਜ਼ਾਈਨ ਕੀਤਾ ਜਾ ਚੁੱਕਾ ਹੈ। ਟੈਂਡਰਿੰਗ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ ਤਾਂ ਜੋ ਛੇਤੀ ਕੰਮ ਸ਼ੁਰੂ ਹੋ ਸਕੇ। ਇਸ ਮੌਕੇ ਸਥਾਨਕ ਨਿਵਾਸੀ, ਪੰਚ, ਸਰਪੰਚ, ਬਲਾਕ ਪ੍ਰਧਾਨ, ਚੇਅਰਮੈਨ ਮਾਰਕੀਟ ਕਮੇਟੀ ਡੇਰਾਬਸੀ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਹਾਜ਼ਰ ਸਨ।
ਗੈਰੀ ਵੜਿੰਗ ਨੇ ਵਿਕਾਸ ਕਾਰਜਾਂ ਦੇ ਨੀਂਂਹ ਪੱਥਰ ਰੱਖੇ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਇਥੇ ਵੱਖ-ਵੱਖ ਵਾਰਡਾਂ ਵਿੱਚ ਇੱਕ ਕਰੋੜ 14 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਵਾਸੀਆਂ ਨੂੰ ਹੋਰ ਵੱਡੀਆਂ ਸੌਗਾਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕੁੰਭ ਬਿਜਲੀ ਗਰਿੱਡ ਦੇ ਸਾਹਮਣੇ 70.59 ਲੱਖ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਗਲੀ, ਵਾਰਡ ਨੰਬਰ 7 ਅਤੇ 11 ਵਿੱਚ 16.30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਗਲੀਆਂ ਦੇ ਨੀਹ ਪੱਥਰ ਰੱਖੇ ਅਤੇ ਵਾਰਡ ਨੰਬਰ 22 ਅਤੇ 24 ਵਿੱਚ 27.48 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੇ ਵਿਕਾਸ ਕਾਰਜ ਸਮੇਂ ਸਿਰ ਨੇਪਰੇ ਚੜ੍ਹਾਏ ਜਾਣ ਅਤੇ ਨਿਰਮਾਣ ਸਮਗਰੀ ਦੀ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ। ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਵਿਧਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਪਨਾਗ, ਜਗਜੀਵਨ ਸਿੰਘ ਔਲਖ, ਅਸ਼ੋਕ ਸ਼ਰਮਾ, ਲਖਵਿੰਦਰ ਸਿੰਘ ਸਰਪੰਚ, ਦਲਜੀਤ ਵਿਰਕ, ਹਰਬੰਸ ਕੌਰ ਨੇਹਾ, ਲਖਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ, ਸਤਿਆਪਾਲ ਲੋਧੀ, ਸਲੀਮ ਖਾਨ, ਹੇਮੰਤ ਗੋਇਲ, ਦੀਪਕ ਘਈ, ਸੁਖਜਿੰਦਰ ਸਿੰਘ, ਜਗਜੀਤ ਸਿੰਘ, ਅਰਮਾਨ ਖਾਨ ਅਤੇ ਜੱਸੀ ਧੀਮਾਨ ਆਦਿ ਹਾਜ਼ਰ ਸਨ।