ਵਿਧਾਇਕ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਪੱਤਰ ਵੰਡੇ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਹਲਕੇ ਦੇ ਪਿੰਡ ਹੰਸਾਲਾ, ਟਿਵਾਣਾ, ਡੰਗਡੇਹਰਾ, ਖਜੂਰ ਮੰਡੀ ਅਤੇ ਲਾਲੜੂ, ਸੀਤਾਰਪੁਰ, ਸਰਸੀਣੀ, ਮੁਬਾਰਕਪੁਰ ਖੇੜੀ, ਆਲਮਗੀਰ, ਧਰਮਗੜ੍ਹ ਤੇ ਹੋਰ ਪਿੰਡਾਂ ਦੇ ਹੜ੍ਹ ਪੀੜਤ ਲੋਕਾਂ ਨੂੰ ਮੁਬਾਰਕਪੁਰ ਦੇ ਗੈਸਟ ਹਾਊਸ ਵਿੱਚ ਮੁਆਵਜ਼ਾ ਮਨਜ਼ੂਰੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਹਲਕੇ ਵਿੱਚ 3200 ਏਕੜ ਦੇ ਕਰੀਬ 21 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੁਣ ਤੱਕ ਕਰੀਬ 4.50 ਕਰੋੜ ਰੁਪਏ ਲਗਪਗ 1500 ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡਿਆ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਵੱਲੋਂ ਪ੍ਰਤੀ ਏਕੜ ਦੇ ਨੁਕਸਾਨ ਦਾ ਮੁਆਵਜ਼ਾ 20 ਹਜ਼ਾਰ ਦਿੱਤਾ ਗਿਆ ਹੈ। ਸ੍ਰੀ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਦੀ ਪਹਿਲੀ ਸਰਕਾਰ ਹੈ ਜਿਸ ਨੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ 30 ਦਿਨਾਂ ਦੇ ਅੰਦਰ ਹੀ ਹੜ੍ਹਾਂ ਦੇ ਮੁਆਵਜ਼ੇ ਦੀ ਵੰਡ ਵੱਡੇ ਪੱਧਰ ’ਤੇ ਕੀਤੀ ਅਤੇ ਮੁਆਵਜ਼ੇ ਦੀ ਕੁਝ ਰਕਮ ਕਿਸਾਨਾਂ ਦੇ ਖਾਤੇ ਵਿੱਚ ਚਲੀ ਗਈ ਅਤੇ ਬਾਕੀ ਰਹਿੰਦੀ ਰਕਮ ਜਲਦ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਘਰ ਅਤੇ ਫ਼ਸਲਾਂ ਖ਼ਰਾਬ ਹੋਈਆਂ ਹਨ, ਉਨ੍ਹਾਂ ਦੇ ਖਾਤਿਆਂ ਵਿੱਚ ਵੀ 15 ਦਿਨਾਂ ਦੇ ਅੰਦਰ ਮੁਆਵਜ਼ਾ ਰਕਮ ਪਹੁੰਚ ਜਾਵੇਗੀ।
ਉਨ੍ਹਾਂ ਕਿਹਾ ਕਿ ਹਲਕੇ ਦੇ ਜਿਨ੍ਹਾਂ ਪਿੰਡਾਂ ਦਾ ਹੜ੍ਹ ਕਾਰਨ ਨੁਕਸਾਨ ਤੋਂ ਬਚਾਅ ਹੋਇਆ ਹੈ, ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਘੱਗਰ ਦਰਿਆ ’ਤੇ ਪੱਥਰ ਦਾ ਬੰਨ੍ਹ ਬਣਾਉਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਹਮੇਸ਼ਾਂ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਹਮੇਸ਼ਾਂ ਲੋਕਾਂ ਦੀਆਂ ਆਸਾਂ ਤੇ ਖ਼ਰਾ ਉਤਰਦੀ ਰਹੇਗੀ।
ਇਸ ਮੌਕੇ ਐੱਸ ਡੀ ਐੱਮ ਡੇਰਾਬੱਸੀ ਅਮਿਤ ਗੁਪਤਾ, ਨਾਇਬ ਤਹਿਸੀਲਦਾਰ ਬਨੂੜ, ਇਲਾਕੇ ਦੇ ਕਿਸਾਨ, ਪੰਚ-ਸਰਪੰਚ ਵੱਡੀ ਗਿਣਤੀ ਵਿੱਚ ਮੌਜੂਦ ਸਨ।