ਮੋਟੇਮਾਜਰਾ ਦੀ ਢਾਬ ’ਤੇ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ
ਜਿਹੜੇ ਪੰਛੀ ਹੁਣ ਤੱਕ ਇੱਥੇ ਆ ਚੁੱਕੇ ਹਨ, ਉਨ੍ਹਾਂ ਵਿੱਚ ਨੀਲਾ ਮੱਗ, ਚਿੱਟੀ ਤੇ ਨੀਲੀ ਮੁਰਗਾਬੀ, ਜਲਮੁਰਗੀ, ਨੀਲਾ ਕਾਂ ਤੇ ਹੋਰ ਕਈ ਕਿਸਮਾਂ ਦੇ ਪਰਵਾਸੀ ਪੰਛੀ ਸ਼ਾਮਲ ਹਨ। ਪਿੰਡ ਮੋਟੇਮਾਜਰਾ ਦੇ ਵਸਨੀਕਾਂ ਨੇ ਦੱਸਿਆ ਕਿ ਜ਼ਿਆਦਾਤਰ ਪੰਛੀ ਅੱਜ ਹੀ ਆਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਪੰਛੀ ਪਹਿਲੀ ਦਸੰਬਰ ਤੋਂ ਬਾਅਦ ਆਉਂਦੇ ਹਨ ਪਰ ਇਸ ਸਾਲ ਕੁੱਝ ਦਿਨ ਪਹਿਲਾਂ ਹੀ ਪੰਛੀਆਂ ਦੀ ਆਮਦ ਆਰੰਭ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਠੰਢ ਦੇ ਵਧਣ ਨਾਲ ਪੰਛੀਆਂ ਦੀ ਗਿਣਤੀ ਵਧਦੀ ਜਾਂਦੀ ਹੈ ਅਤੇ ਠੰਢ ਦੇ ਘਟਦਿਆਂ ਹੀ ਪੰਛੀ ਵਾਪਸ ਉਡਾਰੀ ਮਾਰ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਜਦੋਂ ਪੰਛੀਆਂ ਦੇ ਸ਼ਿਕਾਰ ਉੱਤੇ ਪਾਬੰਦੀ ਨਹੀਂ ਸੀ, ਉਦੋਂ ਮੋਟੇਮਾਜਰਾ ਦੀ ਢਾਬ ਉੱਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ, ਟਿੱਕਾ ਜੀ ਸੋਹਾਣਾ ਸਮੇਤ ਪ੍ਰਭਾਵਸ਼ਾਲੀ ਵਿਅਕਤੀ ਪੰਛੀਆਂ ਦਾ ਸ਼ਿਕਾਰ ਖੇਡਣ ਵੀ ਆਉਂਦੇ ਸਨ।
ਬਾਦਲ ਬਣਾਉਣਾ ਚਾਹੁੰਦੇ ਸਨ ਪੰਛੀਆਂ ਦੀ ਰੱਖ
ਸਾਲ 2010-11 ਵਿੱਚ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਟੇਮਾਜਰਾ ਦੀ ਢਾਬ ਨੂੰ ਸਰਕਾਰ ਵੱਲੋਂ ਵਿਕਸਿਤ ਕਰ ਕੇ ਪੰਛੀਆਂ ਦੀ ਰੱਖ ਬਣਾਉਣਾ ਚਾਹੁੰਦੇ ਸਨ। ਉਸ ਸਮੇਂ ਦੇ ਮੁਹਾਲੀ ਹਲਕੇ ਦੇ ਇੰਚਾਰਜ ਨਰਿੰਦਰ ਕੁਮਾਰ ਸ਼ਰਮਾ ਦੀ ਪਹਿਲਕਦਮੀ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਮੋਟੇਮਾਜਰਾ ਦੀ ਢਾਬ ਦਾ ਦੌਰਾ ਵੀ ਕੀਤਾ ਸੀ। ਉਨ੍ਹਾਂ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਦੇ ਆਦੇਸ਼ ਵੀ ਦਿੱਤੇ ਸਨ ਪਰ ਤਤਕਾਲੀ ਪੰਚਾਇਤ ਦੀ ਸਹਿਮਤੀ ਨਾ ਬਣਨ ਕਾਰਨ ਇਹ ਮਾਮਲਾ ਅਧਵਾਟੇ ਹੀ ਰਹਿ ਗਿਆ ਸੀ।
