ਪਰਵਾਸੀ ਔਰਤ ਦੀ ਜਬਰ-ਜਨਾਹ ਤੋਂ ਬਾਅਦ ਹੱਤਿਆ
ਪਿੰਡ ਮਨਸੂਹਾ ਖੁਰਦ ਵਿਚ ਸ਼ੈਲਰ ਵਿੱਚ ਕੰਮ ਕਰਦੀ ਪਰਵਾਸੀ ਔਰਤ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲੀਸ ਥਾਣੇ ਬੇਲਾ ਵਿੱਚ ਦਰਜ ਐਫਆਈਆਰ ਅਨੁਸਾਰ ਸਿਰਾਜ ਅਹਿਮਦ ਨੂਰੀ ਨੇ ਦੱਸਿਆ ਕਿ ਉਹ ਆਪਣੇ ਭਰਾ ਮਹਿਰਾਜ ਅਹਿਮਦ ਨਾਲ ਮੁਸਤਫ਼ਾ ਨਗਰ ਖੈਰਾਬਾਦ ਵਿਖੇ ਰਹਿੰਦਾ ਹੈ। ਉਸ ਦੇ ਭਰਾ ਦੀ ਪਤਨੀ ਸ਼ਾਕਰਾ ਬਾਨੂ ਪਿੰਡ ਮਨਸੂਹਾ ਖੁਰਦ ਵਿਖੇ ਇੱਕ ਸ਼ੈਲਰ ਵਿੱਚ ਕੰਮ ਕਰਦੀ ਸੀ ਅਤੇ ਹਰ ਰੋਜ਼ ਸ਼ਾਮ ਛੇ ਵਜੇ ਤੱਕ ਘਰ ਪਹੁੰਚ ਜਾਂਦੀ ਸੀ। ਬੀਤੀ ਸ਼ਾਮ ਜਦੋਂ ਸ਼ਾਕਰਾ ਬਾਨੂ ਸੱਤ ਵਜੇ ਤੱਕ ਘਰ ਨਾ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਸ਼ੈਲਰ ’ਚ ਜਾ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸ਼ਾਕਰਾ ਬਾਨੂ ਸ਼ਾਮ 5.30 ਵਜੇ ਕੰਮ ਮੁਕਾ ਕੇ ਘਰ ਵੱਲ ਤੁਰ ਗਈ ਸੀ, ਜਿਸ ਤੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਭਾਲ ਸ਼ੁਰੂ ਕੀਤੀ। ਇਸ ਦੌਰਾਨ ਜਦੋਂ ਉਹ ਮਨਸੂਹਾ ਤੋਂ ਰੂਪਨਗਰ ਨੂੰ ਜਾਣ ਵਾਲੇ ਕੱਚੇ ਰਸਤੇ ’ਤੇ ਪਹੁੰਚੇ ਤਾਂ ਅਰਧ ਨਗਨ ਹਾਲਤ ਵਿੱਚ ਲਾਸ਼ ਮਿਲੀ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋ ਕਿ ਹੋਰ ਮੁਲਜ਼ਮਾਂ ਨੂੰ ਸੀਸੀਟੀਵੀ ਕੈਮਰਿਆਂ ਅਤੇ ਮੋਬਾਈਲ ਲੋਕੇਸ਼ਨ ਦੇ ਆਧਾਰ ’ਤੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
