ਮਹਿਤਾਨੀ ਨੇ ਐੱਨ ਸੀ ਸੀ ਡਾਇਰੈਕਟੋਰੇਟ ਦੀ ਕਮਾਂਡ ਸਾਂਭੀ
ਐੱਨ ਸੀ ਸੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ ਮੇਜਰ ਜਨਰਲ ਜਗਦੀਪ ਸਿੰਘ ਚੀਮਾ ਨੇ 37 ਸਾਲਾਂ ਦੀ ਸੇਵਾ ਤੋਂ ਬਾਅਦ ਅੱਜ ਸੇਵਾਮੁਕਤੀ ’ਤੇ ਮੇਜਰ ਜਨਰਲ ਭਾਰਤ ਮਹਿਤਾਨੀ ਨੂੰ ਚਾਰਜ ਸੌਂਪ ਦਿੱਤਾ ਹੈ। ਮੇਜਰ ਜਨਰਲ ਭਾਰਤ ਮਹਿਤਾਨੀ ਨੇ ਅੱਜ ਐੱਨ ਸੀ ਸੀ ਡਾਇਰੈਕਟੋਰੇਟ ਦੀ ਕਮਾਂਡ ਸਾਂਭ ਲਈ ਹੈ। ਇਸ ਤੋਂ ਪਹਿਲਾਂ ਮਹਿਤਾਨੀ ਨੇ ਪੱਛਮੀ ਸੈਕਟਰ ਵਿੱਚ ਇਨਫੈਂਟਰੀ ਬ੍ਰਿਗੇਡ ਅਤੇ ਡਿਵੀਜ਼ਨ ਦੀ ਕਮਾਂਡ ਕੀਤੀ ਹੈ ਅਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਵਿਲੱਖਣ ਸੇਵਾ ਲਈ ਪੱਛਮੀ ਕਮਾਂਡ ਦੇ ਜੀਓਸੀ-ਇਨ-ਚੀਫ ਪ੍ਰਸ਼ੰਸਾ ਪੱਤਰ ਨਾਲ ਵੀ ਸਨਮਾਨਿਆ ਗਿਆ ਹੈ। ਮੇਜਰ ਜਨਰਲ ਜਗਦੀਪ ਸਿੰਘ ਚੀਮਾ ਨੇ ਆਪਣੇ ਸ਼ਾਨਦਾਰ ਫੌਜੀ ਕਰੀਅਰ ਦੌਰਾਨ ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਰੱਖਿਆ ਅਟੈਚੀ ਵਜੋਂ ਸੇਵਾ ਨਿਭਾਈ। ਉਹ 1 ਅਗਸਤ 2024 ਤੋਂ ਰੈਜੀਮੈਂਟ ਆਫ਼ ਆਰਟਿਲਰੀ ਦੇ ਕਰਨਲ ਕਮਾਂਡੈਂਟ ਵੀ ਹਨ। ਦੋਵਾਂ ਅਧਿਕਾਰੀਆਂ ਨੇ ਇੱਕ ਰਸਮੀ ਸਮਾਰੋਹ ਦੌਰਾਨ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
