ਜ਼ਿਲ੍ਹਾ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਮੀਟਿੰਗਾਂ
ਮੁਹਾਲੀ ਜ਼ਿਲ੍ਹਾ ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਲਈ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਨਿਯੁਕਤ ਕੀਤੀ ਗਈ ਟੀਮ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹੇ ਵਿਚ ਬਲਾਕ ਪੱਧਰ ’ਤੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗਾਂ ਕਰ ਰਹੀ ਹੈ।
ਆਲ ਇੰਡੀਆ ਕਾਂਗਰਸ ਵੱਲੋਂ ਨਿਯੁਕਤ ਜ਼ਿਲ੍ਹਾ ਆਬਜ਼ਰਵਰ ਅਤੇ ਕਾਂਗਰਸ ਦੇ ਕੌਮੀ ਸਕੱਤਰ ਮਨੋਜ ਯਾਦਵ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਅਤੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਸਹਿ ਇੰਚਾਰਜ ਰਵਿੰਦਰ ਸਿੰਘ ਪਾਲੀ ਵੱਲੋਂ ਹੁਣ ਤੱਕ ਡੇਰਾਬੱਸੀ ਅਤੇ ਮੁਹਾਲੀ ਵਿੰਚ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਮਨੋਜ ਯਾਦਵ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੱਧਰ ਤੇ ਪੂਰੇ ਲੋਕਤੰਤਰੀ ਢੰਗ ਨਾਲ ਪਾਰਟੀ ਵਰਕਰਾਂ ਦੀਆਂ ਇੱਛਾਵਾਂ ਅਨੁਸਾਰ ਜ਼ਿਲ੍ਹਾ ਕਮੇਟੀਆਂ ਦੀ ਚੋਣ ਮੁਕੰਮਲ ਕੀਤੀ ਜਾਵੇਗੀ। ਮੁਹਾਲੀ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਹੋਰਨਾਂ ਨੇ ਆਪਣੇ ਵਿਚਾਰ ਕਮੇਟੀ ਅੱਗੇ ਰੱਖੇ।
ਮੁਹਾਲੀ ਜ਼ਿਲ੍ਹੇ ਦੀ ਪ੍ਰਧਾਨਗੀ ਲਈ ਦਰਜਨ ਤੋਂ ਵੱਧ ਉਮੀਦਵਾਰ ਸਰਗਰਮ ਹਨ। ਇਨ੍ਹਾਂ ਵਿੱਚ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੌਜੂਦਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਗੁਰਪ੍ਰਤਾਪ ਸਿੰਘ ਪਡਿਆਲਾ, ਕਮਲ ਕਿਸ਼ੋਰ ਸ਼ਰਮਾ, ਸਵਰਨਜੀਤ ਕੌਰ, ਕਮਲਜੀਤ ਸਿੰਘ ਚਾਵਲਾ, ਰਾਕੇਸ਼ ਕਾਲੀਆ, ਰਣਜੀਤ ਸਿੰਘ ਨਗਲੀਆਂ, ਆਦਿ ਨਾਂ ਸ਼ਾਮਲ ਹਨ। ਸਾਰਿਆਂ ਵੱਲੋਂ ਟੀਮ ਅੱਗੇ ਆਪੋ-ਆਪਣਾ ਪੱਖ ਰੱਖਣ ਲਈ ਆਪਣੇ ਹਮਾਇਤੀਆਂ ਨੂੰ ਪੇਸ਼ ਕੀਤਾ ਜਾ ਰਿਹਾ ਹੈ।