ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਮੀਟਿੰਗ
ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐੱਸ ਐੱਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਵਿਖੇ ਹੋਈ। ਇਸ ਮੌਕੇ ਬਾਬਾ ਮੋਤੀ ਰਾਮ ਮਹਿਰਾ ਦਾ ਸ਼ਹੀਦੀ ਦਿਹਾੜਾ ਜੋ ਪਹਿਲਾ 21 ਫਰਵਰੀ ਨੂੰ ਮਨਾਇਆ ਜਾਂਦਾ ਸੀ ਹੁਣ ਉਸ ਮਿਥਿਹਾਸਕ ਤਰੀਕ ਦੀ ਸਾਰਥਕ ਪੁਸ਼ਟੀ ਨਾ ਹੋਣ ਕਾਰਨ ਖੋਜਾਂ ’ਤੇ ਅਧਾਰਤ 1 ਜਨਵਰੀ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਚੇਅਰਮੈਨ ਨਿਰਮਲ ਸਿੰਘ ਨੇ ਪੰਜਾਬ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ ਦਿਹਾੜਾ 1 ਜਨਵਰੀ ਨੂੰ ਹੀ ਮਨਾਉਣ। ਉਨ੍ਹਾਂ ਕਿਹਾ ਕਿ ਸਾਲਾਨਾ ਜੰਤਰੀ ਵਿਚ ਇਸਤਿਹਾਰ 29 ਨਵੰਬਰ ਤੱਕ ਹੀ ਲਏ ਜਾਣਗੇ। ਮੀਟਿੰਗ ਵਿੱਚ ਸ਼ਹੀਦੀ ਜੋੜ ਮੇਲ ਮੌਕੇ ਸੰਗਤਾਂ ਲਈ ਉਚੇਚੇ ਪ੍ਰਬੰਧ ਕਰਨ ਲਈ ਟਰੱਸਟ ਦੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਅਗਲੀ ਮੀਟਿੰਗ 29 ਨਵੰਬਰ ਨੂੰ ਹੋਵੇਗੀ। ਮੀਟਿੰਗ ’ਚ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਪਰਮਜੀਤ ਸਿੰਘ ਖੰਨਾ, ਸੁੱਚਾ ਸਿੰਘ, ਹਰਮਨ ਸਿੰਘ, ਬਨਾਰਸੀ ਦਾਸ, ਜਸਪਾਲ ਸਿੰਘ ਕਲੋਂਦੀ, ਤਾਰਾ ਸਿੰਘ ਇਸੜੂ, ਗੁਰਚਰਨ ਸਿੰਘ ਧਨੌਲਾ, ਹਰਨੇਕ ਸਿੰਘ ਨਾਭਾ ਤੇ ਗੁਰਚਰਨ ਸਿੰਘ ਆਦਿ ਟਰੱਸਟੀਆਂ ਨੇ ਹਿੱਸਾ ਲਿਆ।
