ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਲਈ ਮੀਟਿੰਗ ਮੁਲਤਵੀ
ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਲਈ ਰੱਖੀ ਗਈ ਮੀਟਿੰਗ ਨੂੰ ਅੱਜ ਮੁਲਤਵੀ ਕਰ ਦਿੱਤਾ ਗਿਆ। ਇਸ ਸਬੰਧੀ ਐੱਸ ਡੀ ਐੱਮ ਤੇ ਰਿਟਰਨਿੰਗ ਅਫ਼ਸਰ ਵੱਲੋਂ 10 ਨਵੰਬਰ ਨੂੰ ਇਕ ਏਜੰਡਾ ਜਾਰੀ ਕਰ ਕੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਹਾਈ ਕੋਰਟ ਵਿੱਚ ਦਿੱਤੀ ਰਿਪੋਰਟ ਮੁਤਾਬਕ ਪ੍ਰਧਾਨ ਖ਼ਿਲਾਫ਼ ਬਾਗੀ ਕੌਂਸਲਰਾਂ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਦੈਵੀਰ ਸਿੰਘ ਢਿੱਲੋਂ ਮੁੜ ਤੋਂ ਪ੍ਰਧਾਨ ਦੀ ਕੁਰਸੀ ’ਤੇ ਕਾਬਜ਼ ਹੋ ਗਏ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਪ੍ਰਧਾਨਗੀ ਲਈ ਚੱਲ ਰਿਹਾ ਰੇੜਕਾ ਕੱਲ੍ਹ ਮੁੱਕ ਗਿਆ ਸੀ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਐੱਸ ਡੀ ਐੱਮ ਅਮਿਤ ਗੁਪਤਾ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਕਾਰਨ ਸਪੱਸ਼ਟ ਨਹੀਂ ਕੀਤੇ ਗਏ। ਇਸ ਸਬੰਧੀ ਵਾਰ ਵਾਰ ਫੋਨ ਕਰਨ ’ਤੇ ਐੱਸ ਡੀ ਐੱਮ ਅਮਿਤ ਗੁਪਤਾ ਨੇ ਫੋਨ ਨਹੀਂ ਚੁੱਕਿਆ। ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਨਿਯਮ ਮੁਤਾਬਕ ਪ੍ਰਧਾਨ ਹੀ ਮੀਤ ਪ੍ਰਧਾਨ ਦੀ ਚੋਣ ਲਈ ਮੀਟਿੰਗ ਬੁਲਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਆਪਣੀ ਰਿਪੋਰਟ ਵਿੱਚ ਉਨ੍ਹਾਂ ਖ਼ਿਲਾਫ਼ ਬਾਗੀ ਕੌਂਸਲਰਾਂ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਫੇਲ੍ਹ ਹੋਣ ਦੀ ਰਿਪੋਰਟ ਨਾਲ ਹੀ ਉਨ੍ਹਾਂ ਦੀ ਪ੍ਰਧਾਨਗੀ ਬਰਕਰਾਰ ਹੋ ਗਈ ਸੀ ਅਤੇ ਨਿਯਮ ਮੁਤਾਬਕ ਪ੍ਰਸ਼ਾਸਨ ਮੀਤ ਪ੍ਰਧਾਨ ਦੀ ਚੋਣ ਨਹੀਂ ਕਰਵਾ ਸਕਦਾ। ਇਸ ਲਈ ਚੋਣ ਨੂੰ ਲੈ ਕੇ ਮੀਟਿੰਗ ਰੱਦ ਕੀਤੀ ਗਈ ਹੈ।
