ਮੈਡੀਕਲ ਕਾਲਜ ਦੇ ਨਰਸਿੰਗ ਸਟਾਫ਼ ਦੀ ਹੜਤਾਲ ਜਾਰੀ
ਧਰਨਾਕਾਰੀ ਨਰਸਾਂ ਨੇ ਦੱਸਿਆ ਕਿ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਅਤੇ ਮਨੁੱਖਤਾ ਪ੍ਰਤੀ ਫ਼ਰਜ਼ਾਂ ਨੂੰ ਦੇਖਦਿਆਂ ਉਹ ਐਮਰਜੈਂਸੀ ਸੇਵਾਵਾਂ ਨੂੰ ਆਮ ਵਾਂਗ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰਾਂ ਵਿਚ ਦਰਸਾਈ ਤਨਖ਼ਾਹ ਤੋਂ ਅੱਧੀ ਤਨਖ਼ਾਹ ਦੇਣੀ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਰਸਿੰਗ ਸਟਾਫ਼ ਨੂੰ ਸਿਹਤ ਸੇਵਾਵਾਂ ਦੀ ਰੀੜ ਦੀ ਹੱਡੀ ਆਖਦੀ ਹੈ ਪਰ ਦੂਜੇ ਪਾਸੇ ਉਨ੍ਹਾਂ ਦੀ ਹੱਕੀ ਮੰਗ ਵੀ ਪ੍ਰਵਾਨ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਰਨਾਕਾਰੀ ਨਰਸਿੰਗ ਸਟਾਫ਼ ਦਾ ਸਬਰ ਪਰਖ਼ਣ ਦੀ ਥਾਂ ਉਨ੍ਹਾਂ ਦੀ ਹੱਕੀ ਮੰਗ ਤੁਰੰਤ ਪ੍ਰਵਾਨ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਨਖ਼ਾਹ ਵਿਚ ਤੁਰੰਤ ਵਾਧਾ ਕੀਤਾ ਜਾਵੇ।
ਇਸੇ ਦੌਰਾਨ ਸਿਹਤ ਵਿਭਾਗ ਦੀਆਂ ਵੱਖ-ਵੱਖ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਵੀ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ਼ ਦੀ ਹੜਤਾਲ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਮੰਗ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਚੌਵੀ ਘੰਟੇ ਨਿਰੰਤਰ ਸਿਹਤ ਸੇਵਾਵਾਂ ਨਿਭਾਉਣ ਵਾਲੀਆਂ ਨਰਸਾਂ ਵਿਰੁੱਧ ਐਸਮਾ ਐਕਟ ਲਾਉਣਾ ਗੈਰਵਾਜਿਬ ਹੈ।