ਤਗ਼ਮਾ ਜੇਤੂ ਅਮਰਜੀਤ ਦਾ ਸਨਮਾਨ
ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ ਅਮਰਜੀਤ ਸਿੰਘ ਨੇ ਸਪੈਸ਼ਲ ਓਲੰਪਿਕ ਯੂਨੀਫਾਈਡ ਬਾਸਕਟਬਾਲ ਵਰਲਡ ਕੱਪ ਵਿੱਚ ਭਾਰਤੀ ਟੀਮ ਵਲੋਂ ਖੇਡਦਿਆਂ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅਮਰਜੀਤ ਸਿੰਘ ਦਾ ਅੱਜ ਸੰਸਥਾ ਵਿੱਚ ਪੁੱਜਣ ’ਤੇ ਪ੍ਰਭ ਆਸਰਾ ਪਰਿਵਾਰ ਨੇ ਸਵਾਗਤ ਕੀਤਾ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਅਤੇ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਯੂਨੀਫਾਈਡ ਬਾਸਕਟਬਾਲ ਵਰਲਡ ਕੱਪ ਅਮਰੀਕਾ ’ਚ ਹੋਇਆ, ਜਿੱਥੇ ਅਮਰਜੀਤ ਨੇ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰਦਿਆਂ ਵਧੀਆ ਖੇਡ ਦਿਖਾਈ। ਪ੍ਰਬੰਧਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੋਰਨਾਂ ਤਗ਼ਮਾ ਜੇਤੂ ਕੌਮਾਤਰੀ ਖਿਡਾਰੀਆਂ ਵਾਂਗ ਅਮਰਜੀਤ ਸਿੰਘ ਨੂੰ ਵੀ ਇਹ ਮਾਣ ਤੇ ਸਨਮਾਨ ਸਰਕਾਰ ਵਲੋਂ ਦਿੱਤਾ ਜਾਵੇ।
ਪਿਪਸ ਸਕੂਲ ’ਚ ਸਾਲਾਨਾ ਸਮਾਗਮ
ਚਮਕੌਰ ਸਾਹਿਬ: ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ (ਪਿਪਸ) ਪਿੱਪਲ ਮਾਜਰਾ ’ਚ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਡੀਨ ਅਕਾਦਮਿਕ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ, ਸਕੂਲ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਟਵਾਲ, ਐੱਮ ਡੀ ਸ਼ਿੰਦਰਪਾਲ ਕੌਰ ਅਟਵਾਲ, ਪ੍ਰਿੰਸੀਪਲ ਸਰਜੀਤ ਸਿੰਘ ਤੇ ਜਰਨੈਲ ਸਿੰਘ ਐਡੀਸ਼ਨਲ ਡਾਇਰੈਕਟਰ ਇਨਫਾਰਮੇਸ਼ਨ ਪਬਲਿਕ ਰਿਲੇਸ਼ਨ ਪੰਜਾਬ ਨੇ ਕੀਤੀ। ਇਸ ਉਪਰੰਤ ਵਿਦਿਆਰਥੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ। ਪ੍ਰਿੰਸੀਪਲ ਸੁਰਜੀਤ ਸਿੰਘ ਨੇ ਸਕੂਲ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਵਿਦਿਆਰਥੀਆਂ ਦਾ ਵਿੱਦਿਅਕ ਦੌਰਾ
ਫਤਹਿਗੜ੍ਹ ਸਾਹਿਬ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਪਟਿਆਲਾ ਦੇ 55 ਵਿਦਿਆਰਥੀਆਂ ਨੇ ਨੈਸ਼ਨਲ ਸਕਿੱਲ ਕੁਆਲੀਫ਼ਿਕੇਸ਼ਨ ਫ਼ਰੇਮਵਰਕ ਸਕੀਮ ਅਧੀਨ ਮਾਤਾ ਗੁਜਰੀ ਕਾਲਜ ਦਾ ਉਦਯੋਗਿਕ ਦੌਰਾ ਕੀਤਾ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਦੇ ਵਿਕਲਪਾਂ, ਰੁਜ਼ਗਾਰ ਦੇ ਮੌਕਿਆਂ ਅਤੇ ਸੂਚਨਾ ਤਕਨਾਲੋਜੀ ਸਬੰਧੀ ਵਿਸਥਾਰ ਨਾਲ ਦੱਸਿਆ। ਸਕੂਲ ਬਾਰਨ ਦੇ ਪ੍ਰਿੰਸੀਪਲ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਲਈ ਲਾਹੇਵੰਦ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਭਾਜਪਾ ਉਮੀਦਵਾਰ ਦੇ ਹੱਕ ’ਚ ਪ੍ਰਚਾਰ
ਕੁਰਾਲੀ: ਬਲਾਕ ਸਮਿਤੀ ਚੋਣਾਂ ਵਿੱਚ ਜ਼ੋਨ ਰੁੜਕੀ ਖਾਮ ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਖਾਲਸਾ ਦੇ ਹੱਕ ਵਿੱਚ ਰਣਜੀਤ ਸਿੰਘ ਗਿੱਲ ਨੇ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਦੇ ਵਿਕਾਸ ਤੇ ਭਲਾਈ ਲਈ ਭਾਜਪਾ ਦੇ ਹੱਥ ਮਜ਼ਬੂਤ ਕਰਨੇ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਪਾਰਟੀ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕੀ ਇਸ ਲਈ ਭਾਜਪਾ ਨੂੰ ਪੰਜਾਬ ਦੀ ਵਾਗਡੋਰ ਸੰਭਾਲਣੀ ਜ਼ਰੂਰੀ ਹੈ। -ਪੱਤਰ ਪ੍ਰੇਰਕ
