ਮੇਅਰ ਵੱਲੋਂ ਕੌਂਸਲਰਾਂ ਖਿਲਾਫ਼ ਪ੍ਰਸ਼ਾਸਕ ਨੂੰ ਸ਼ਿਕਾਇਤ
ਨਗਰ ਨਿਗਮ ਦੀ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਚਾਰ ਕੌਂਸਲਰਾਂ ਖਿਲਾਫ਼ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਲਿਖਤੀ ਸ਼ਿਕਾਇਤ ਭੇਜੀ। ਇਸ ਵਿੱਚ ਉਨ੍ਹਾਂ ਨੇ ਇਨ੍ਹਾਂ ਕੌਂਸਲਰਾਂ ’ਤੇ 30 ਸਤੰਬਰ ਦੀ ਜਨਰਲ ਹਾਊਸ ਮੀਟਿੰਗ ਵਿੱਚ ਬਦਸਲੂਕੀ ਕਰਨ ਦੇ ਦੋਸ਼ ਲਗਾਏ ਹਨ।
ਪ੍ਰਸ਼ਾਸਕ ਨੂੰ ਭੇਜੀ ਸ਼ਿਕਾਇਤ ਵਿੱਚ ਮੇਅਰ ਨੇ ਕਿਹਾ ਕਿ 30 ਸਤੰਬਰ ਦੀ ਹਾਊਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਤੋਂ ਕੌਂਸਲਰ ਪ੍ਰੇਮ ਲਤਾ, ਕਾਂਗਰਸ ਪਾਰਟੀ ਨਾਲ ਸਬੰਧਤ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ ਅਤੇ ਸਚਿਨ ਗਾਲਵ ਵੱਲੋਂ ਸ਼ਹਿਰ ਦੇ ਵਿਕਾਸ ਏਜੰਡਿਆਂ ’ਤੇ ਮੀਟਿੰਗ ਦੀ ਚੱਲ ਰਹੀ ਕਾਰਵਾਈ ਵਿੱਚ ਵਿਘਨ ਪਾਇਆ ਗਿਆ। ਇਨ੍ਹਾਂ ਨੇ ਹਾਊਸ ਮਿੰਟਸ ਦੀਆਂ ਅਧਿਕਾਰਤ ਕਾਪੀਆਂ ਫਾੜ ਕੇ ਮੇਅਰ ਦੇ ਮੰਚ ਉਤੇ ਅਤੇ ਨਿਗਮ ਅਧਿਕਾਰੀਆਂ ਵੱਲ ਵਗਾਹ ਕੇ ਮਾਰੀਆਂ। ਇਹ ਚੇਅਰ, ਸੰਸਥਾ ਅਤੇ ਨਗਰ ਨਿਗਮ ਦੇ ਅਧਿਕਾਰਤ ਰਿਕਾਰਡਾਂ ਵਿਰੁੱਧ ਸਿੱਧੀ ਅਤੇ ਪ੍ਰਤੱਖ ਅਪਮਾਨਜਨਕ ਕਾਰਵਾਈ ਹੈ।
ਇਸ ਤੋਂ ਇਲਾਵਾ ਜਦੋਂ ਇਨ੍ਹਾਂ ਚਾਰੋਂ ਕੌਂਸਲਰਾਂ ਨੂੰ ਮੁਅੱਤਲ ਕਰਕੇ ਮੀਟਿੰਗ ਹਾਲ ਵਿੱਚੋਂ ਬਾਹਰ ਕੱਢਣ ਲਈ ਮਾਰਸ਼ਲਾਂ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੇ ਵਿਰੋਧ ਦਾ ਇੱਕ ਹੋਰ ਚਿੰਤਾਜਨਕ ਪ੍ਰਦਰਸ਼ਨ ਕੀਤਾ। ਨਤੀਜੇ ਵਜੋਂ ਮਾਰਸ਼ਲਾਂ ਅਤੇ ਕੌਂਸਲਰਾਂ ਵਿਚਕਾਰ ਝੜਪ ਅਤੇ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ ਮੀਟਿੰਗ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ। ਸੈਸ਼ਨ ਮੁਲਤਵੀ ਕਰਨ ਉਪਰੰਤ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਹਾਲ ਦੇ ਅੰਦਰ ਹੀ ਸਮਾਨੰਤਰ ਮੀਟਿੰਗ ਵੀ ਕੀਤੀ।
ਮੇਅਰ ਨੇ ਕਿਹਾ ਕਿ ਸਬੰਧਤ ਕੌਂਸਲਰਾਂ ਦੀ ਇਸ ਕਾਰਵਾਈ ਨੇ ਚੰਡੀਗੜ੍ਹ ਵਾਸੀਆਂ ਦੇ ਲੋਕਤੰਤਰੀ ਸਥਾਪਨਾ, ਕੰਮਕਾਜ ਵਿੱਚ ਵਿਸ਼ਵਾਸ ਅਤੇ ਪ੍ਰਣਾਲੀ ਵਿੱਚ ਉਨ੍ਹਾਂ ਦੇ ਵਿਸ਼ਵਾਸ ਨੂੰ ਵੀ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ। ਇਸ ਲਈ ਪ੍ਰਸ਼ਾਸਕ ਦੇ ਤੁਰੰਤ ਦਖ਼ਲ ਦੀ ਲੋੜ ਹੈ ਤਾਂ ਜੋ ਨਿਗਮ ਦੀ ਪਵਿੱਤਰਤਾ ਅਤੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।
ਮੇਅਰ ਦੀ ਬਦਸਲੂਕੀ ਬਰਦਾਸ਼ਤ ਨਹੀਂ ਹੋਵੇਗੀ: ਬੰਟੀ
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਮੇਅਰ ਵੱਲੋਂ ਖ਼ੁਦ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨਾਲ ਹਰੇਕ ਮੀਟਿੰਗ ਵਿੱਚ ਬਦਸਲੂਕੀ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਵੀ ਉਹ ਸ਼ਹਿਰ ਦੇ ਹਿੱਤ ਵਿਰੋਧੀ ਮੁੱਦੇ ਉਤੇ ਅਵਾਜ਼ ਚੁੱਕਦੇ ਹਨ ਤਾਂ ਹਰ ਵਾਰ ਮਾਰਸ਼ਲਾਂ ਨੂੰ ਬੁਲਾ ਕੇ ਬਾਹਰ ਕਢਵਾਇਆ ਜਾਂਦਾ ਹੈ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ। ਬੰਟੀ ਨੇ ਕਿਹਾ ਕਿ 30 ਸਤੰਬਰ ਤੋਂ ਪਹਿਲਾਂ ਵਾਲੀ ਮੀਟਿੰਗ ਵਿੱਚ ਵੀ ਮਾਰਸ਼ਲ ਬੁਲਾ ਕੇ ਕੌਂਸਲਰਾਂ ਨੂੰ ਜ਼ਲੀਲ ਕੀਤਾ ਗਿਆ ਸੀ। ਇਸ ਵਾਰ ਵਾਲੀ ਮੀਟਿੰਗ ਵਿੱਚ ਤਾਂ ਮਾਰਸ਼ਲਾਂ ਤੋਂ ਬਗੈਰ ਹੋਰ ਵਿਅਕਤੀ ਬੁਲਾ ਕੇ ਵੀ ਚੁਣੇ ਹੋਏ ਕੌਂਸਲਰਾਂ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਸ਼ਹਿਰ ਦੇ ਸੂਝਵਾਨ ਵੋਟਰਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਨਾਲ ਮੇਅਰ ਦੀ ਅਜਿਹੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਹ ਖ਼ੁਦ ਵੀ ਇਸ ਮੁੱਦੇ ਨੂੰ ਅੱਗੇ ਤੱਕ ਲੈ ਕੇ ਜਾਣਗੇ।
ਪ੍ਰਸ਼ਾਸਕ ਮੇਅਰ ਖ਼ਿਲਾਫ਼ ਕਾਰਵਾਈ ਕਰਨ: ਤਰੁਣਾ ਮਹਿਤਾ
ਡਿਪਟੀ ਮੇਅਰ ਤਰੁਣਾ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਹਾਊਸ ਦੀਆਂ ਪਿਛਲੀਆਂ ਦੋ ਲਗਾਤਾਰ ਮੀਟਿੰਗਾਂ ਵਿੱਚ ਮੇਅਰ ਦਾ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਪ੍ਰਤੀ ਰਵੱਈਆ ਅਨੈਤਿਕ ਅਤੇ ਲੋਕਤੰਤਰਿਕ ਵਿਰੋਧੀ ਚੱਲਦਾ ਆ ਰਿਹਾ ਹੈ। ਮੇਅਰ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ ਜਿਸ ਦੇ ਚਲਦਿਆਂ ਖ਼ੁਦ ਪ੍ਰਸ਼ਾਸਕ ਨੂੰ ਹੁਣ ਮੇਅਰ ਖਿਲਾਫ਼ ਹੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਤਰੁਣਾ ਨੇ ਕਿਹਾ ਕਿ ਉਹ ਲੋਕਤੰਤਰਿਕ ਢੰਗ ਨਾਲ ਚੁਣ ਕੇ ਨਿਗਮ ਦੇ ਕੌਂਸਲਰ ਬਣੇ ਹਨ ਅਤੇ ਉਹ ਲੋਕ ਹਿੱਤਾਂ ਖਿਲਾਫ਼ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਸ਼ਹਿਰ ਦੇ ਨੁਕਸਾਨ ਖਿਲਾਫ਼ ਆਵਾਜ਼ ਤਾਂ ਬੁੁਲੰਦ ਕਰਦੇ ਰਹਿਣਗੇ। ਇਸ ਲਈ ਮੇਅਰ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।