ਮੇਅਰ ਬਬਲਾ ਵੱਲੋਂ ਵਾਰਡ ਨੰਬਰ ਇੱਕ ਦਾ ਦੌਰਾ
ਪੱਤਰ ਪ੍ਰੇਰਕ
ਚੰਡੀਗੜ੍ਹ, 27 ਫਰਵਰੀ
ਨਗਰ ਨਿਗਮ ਦੇ ਵਾਰਡ ਨੰਬਰ-1 ਤੋਂ ਇਲਾਕਾ ਕੌਂਸਲਰ ਜਸਵਿੰਦਰ ਕੌਰ ਵੱਲੋਂ ਪਿਛਲੀ ਹਾਊਸ ਮੀਟਿੰਗ ਵਿੱਚ ਪਿੰਡਾਂ ਅਤੇ ਕਲੋਨੀਆਂ ਦੀਆਂ ਸਮੱਸਿਆਵਾਂ ਦੇ ਚੁੱਕੇ ਗਏ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੇਅਰ ਹਰਪ੍ਰੀਤ ਕੌਰ ਬਬਲਾ ਨੇ ਅਧਿਕਾਰੀਆਂ ਦੀ ਟੀਮ ਨੂੰ ਨਾਲ਼ ਲੈ ਅੱਜ ਵਾਰਡ ਨੰ.1 ਦਾ ਦੌਰਾ ਕੀਤਾ।
ਵਰ੍ਹਦੇ ਮੀਂਹ ਵਿੱਚ ਛਤਰੀਆਂ ਲੈ ਕੇ ਪਹੁੰਚੇ ਮੇਅਰ ਅਤੇ ਅਧਿਕਾਰੀਆਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਘਟੀਆ ਪ੍ਰਬੰਧਾਂ ਦਾ ਹਾਲ ਅੱਖੀਂ ਦੇਖਿਆ। ਕੌਂਸਲਰ ਜਸਵਿੰਦਰ ਕੌਰ ਨੇ ਦੱਸਿਆ ਕਿ ਵਾਰਡ ਵਿਚਲੇ ਖੁੱਡਾ ਲਾਹੌਰਾ ਕਲੋਨੀ ਨੰਬਰ 1 ਵਿੱਚ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ ਜਿਸ ਕਰਕੇ ਵੱਡੀ ਸਮੱਸਿਆ ਆਉਂਦੀ ਹੈ। ਖੁੱਡਾ ਲਾਹੌਰਾ ਦੀ ਹੀ ਕਲੋਨੀ ਨੰਬਰ 2 ਵਿੱਚ ਸੜਕਾਂ ਦੀ ਰੀ-ਕਾਰਪੈਟਿੰਗ ਅਧੂਰੀ ਹੈ ਅਤੇ ਪਿੰਡ ਦੀਆਂ ਸੜਕਾਂ ਦਾ ਕੰਮ ਪੈਂਡਿੰਗ ਪਿਆ ਹੈ। ਵਾਰਡ ਵਿੱਚ ਪਾਏ ਗਏ ਨਵੇਂ ਸੀਵਰੇਜ ਸਿਸਟਮ ਵਿੱਚ ਵੀ ਕਈ ਸਮੱਸਿਆਵਾਂ ਮੇਅਰ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ। ਮੇਅਰ ਨੇ ਸੀਵਰੇਜ ਸਮੱਸਿਆਵਾਂ, ਸੜਕਾਂ ਦੀ ਦੇਖਭਾਲ, ਪਾਰਕ ਦੀ ਸਫ਼ਾਈ ਅਤੇ ਰਹਿੰਦ-ਖੂੰਹਦ ਦੀ ਪ੍ਰਕਿਰਿਆ ਵਰਗੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਅਤੇ ਸਮੇਂ ਸਿਰ ਹੱਲ ਯਕੀਨੀ ਬਣਾਉਣ।
ਮੇਅਰ ਨੇ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਭਰੋਸਾ ਦਿੱਤਾ ਕਿ ਨਗਰ ਨਿਗਮ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰੇਗਾ।