ਵਿਆਹੁਤਾ ਦੀ ਭੇਤ-ਭਰੀ ਹਾਲਤ ’ਚ ਮੌਤ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 7 ਜਨਵਰੀ
ਇੱਥੋਂ ਨੇੜਲੇ ਪਿੰਡ ਲਖੇੜ ਵਿੱਚ ਵਿਆਹੁਤਾ ਦੀ ਭੇਤ-ਭਰੀ ਹਾਲਤ ਵਿਚ ਮੌਤ ਹੋ ਗਈ। ਇਸ ਸਬੰਧੀ ਲੜਕੀ ਦੇ ਪਿਤਾ ਕੁਲਦੀਪ ਚੰਦ ਵਾਸੀ ਕਾਹੀਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜੁਆਈ ਫ਼ੌਜ ’ਚ ਨੌਕਰੀ ਕਰਦਾ ਹੈ। ਉਨ੍ਹਾਂ ਨੂੰ ਸਹੁਰੇ ਪਰਿਵਾਰ ਨੇ ਲੜਕੀ ਵੱਲੋਂ ਫਾਹਾ ਲੈਣ ਦੀ ਸੂਚਨਾ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੇ ਫਾਹਾ ਨਹੀਂ ਲਿਆ ਸਗੋਂ ਉਸ ਨੂੰ ਕੁੱਟ ਕੇ ਮਾਰਿਆ ਗਿਆ। ਅੱਜ ਪੋਸਟਮਾਰਟਮ ਮੌਕੇ ਵੱਡੀ ਗਿਣਤੀ ਪਿੰਡ ਵਾਸੀ ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਸਥਾਨਕ ਸਿਵਲ ਹਸਪਤਾਲ ਵਿੱਚ ਪਹੁੰਚੇ ਹੋਏ ਸਨ।
ਲੜਕੀ ਦੇ ਪਿਤਾ ਨੇ ਪੁਲੀਸ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।
ਪੁਲੀਸ ਵੱਲੋਂ ਜੇਠ ਤੇ ਜੇਠਾਣੀ ਗ੍ਰਿਫ਼ਤਾਰ
ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਕੇ ਮ੍ਰਿਤਕਾ ਦੇ ਜੇਠ ਪਵਨ ਕੁਮਾਰ ਅਤੇ ਜੇਠਾਣੀ ਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੀ ਰਿਪੋਰਟ ਤੋਂ ਬਾਅਦ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸੱਚ ਸਾਹਮਣੇ ਆਉਣਾ ਚਾਹੀਦੈ: ਸੋਹਣ ਸਿੰਘ
ਪੋਸਟਮਾਰਟਮ ਕਰਾਉਣ ਮੌਕੇ ਪੁੱਜੇ ਮ੍ਰਿਤਕਾ ਦੇ ਪਤੀ ਸੋਹਣ ਸਿੰਘ ਨੇ ਕਿਹਾ ਕਿ ਉਹ ਛੁੱਟੀ ਆ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਫੋਨ ’ਤੇ ਜੇਠਾਣੀ ਵੱਲੋਂ ਕੁੱਟਮਾਰ ਕਰਨ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਦੋ ਘੰਟਿਆਂ ਬਾਅਦ ਫੋਨ ਆਇਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਸ ਨੇ ਕਿਹਾ ਘਰ ਵਿੱਚ ਥੋੜ੍ਹੀ-ਬਹੁਤ ਲੜਾਈ ਰਹਿੰਦੀ ਸੀ ਪਰ ਗੱਲ ਇੱਥੇ ਤਕ ਪੁੱਜ ਜਾਵੇਗੀ ਇਹ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ।