ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਮਾਰਚ
ਇਥੇ ਇਕ ਵਿਅਹੁਤਾ ਨੇ ਆਪਣੇ ਘਰ ਅੰਦਰ ਦੁਪੱਟੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਹਿਲਾ ਦੀ ਪਛਾਣ ਸ਼ਿਵਾਨੀ (22) ਵਜੋਂ ਹੋਈ ਹੈ। ਸਾਹਨੇਵਾਲ ਦੀ ਪੁਲੀਸ ਨੇ ਮਹਿਲਾ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਵਾਨੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਸਦਾ ਪਤੀ ਉਸ ਨੂੰ ਲੰਬੇ ਸਮੇਂ ਤੋਂ ਤੰਗ ਕਰ ਰਿਹਾ ਸੀ। ਪੁਲੀਸ ਨੇ ਜਸਪਾਲ ਬਾਂਗਰ ਪਿੰਡ ਦੀ ਰਹਿਣ ਵਾਲੀ ਉਸਦੀ ਮਾਂ ਦੀ ਸ਼ਿਕਾਇਤ ’ਤੇ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਦੇ ਰਹਿਣ ਵਾਲੇ ਰਾਕੇਸ਼ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏਐੱਸਆਈ ਸਾਧੂ ਸਿੰਘ ਨੇ ਦੱਸਿਆ ਕਿ ਸ਼ਿਵਾਨੀ ਨੇ ਚਾਰ ਸਾਲ ਪਹਿਲਾਂ ਰਾਕੇਸ਼ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਪੁਲੀਸ ਮੁਤਾਬਕ ਮਹਿਲਾਂ ਦਾ ਪਤੀ ਉਸਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਤੋਂ ਇਲਾਵਾ ਉਸ ਨਾਲ ਕੁੱਟਮਾਰ ਵੀ ਕਰਦਾ ਸੀ। ਏਐਸਆਈ ਸਾਧੂ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਕੇਸ਼ ਅਜੇ ਫਰਾਰ ਹੈ। ਉਸਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਦੂਜੇ ਪਾਸੇ ਪੁਲੀਸ ਨੇ ਸ਼ਿਵਾਨੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਹੈ।
