‘ਦੌੜ ਨਸ਼ਿਆਂ ਵਿਰੁੱਧ’ ਤਹਿਤ ਮੈਰਾਥਨ
ਸ੍ਰੀ ਆਨੰਦਪੁਰ ਸਾਹਿਬ: ਪ੍ਰੈੱਸ ਕਲੱਬ ਆਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਪੁਲੀਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ‘‘ਦੌੜ ਨਸ਼ਿਆਂ ਵਿਰੁੱਧ’’ ਨਾਂ ਹੇਠ ਵਿਸ਼ਾਲ ਮੈਰਾਥਨ ਕਰਵਾਈ ਗਈ। ਇਹ ਮੈਰਾਥਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਹਿੱਸੇ ਵਜੋਂ ਕਰਵਾਈ ਗਈ, ਜਿਸਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਵਾਲਾ ਸੰਦੇਸ਼ ਦੇਣਾ ਸੀ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਪ੍ਰੈਸ ਕਲੱਬ ਤੇ ਪ੍ਰਸ਼ਾਸਨ ਦੀ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੋਨੀ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐੱਸਐੱਸਪੀ ਗੁਲਨੀਤ ਖੁਰਾਣਾ, ਐੱਸਪੀ ਅਰਵਿੰਦ ਮੀਨਾ, ਐੱਸਡੀਐੱਮ ਜਸਪ੍ਰੀਤ ਸਿੰਘ ਅਤੇ ਡੀਐੱਸਪੀ ਅਜੈ ਸਿੰਘ, ਐੱਸਐੱਚਓ ਦਾਨਿਸ਼ਵੀਰ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਪਿੰਜੌਰ ਵਿੱਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਸ਼ੁਰੂ
ਪੰਚਕੂਲਾ: ਮੇਰਾ ਯੁਵਾ ਭਾਰਤ ਪੰਚਕੂਲਾ ਨੇ ਟਿਪਰਾ ਪਿੰਜੌਰ ਪਿੰਡ ਵਿੱਚ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਪ੍ਰੋਗਰਾਮ ਦਾ ਸੰਚਾਲਨ ਕੌਮੀ ਯੁਵਾ ਵਾਲੰਟੀਅਰ ਸੰਗੀਤਾ ਵੱਲੋਂ ਕੀਤਾ ਗਿਆ। ਇਸ ਮੌਕੇ ਮੇਰਾ ਯੁਵਾ ਭਾਰਤ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਨੇ ਕਿਹਾ ਕਿ ਇੱਕ ਪੇੜ ਮਾਂ ਕੇ ਨਾਮ ਸਿਰਫ਼ ਪੌਦੇ ਲਗਾਉਣਾ ਨਹੀਂ ਹੈ, ਸਗੋਂ ਇਸਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਜਿਵੇਂ ਇੱਕ ਮਾਂ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ। ਮਹਿਲਾ ਮੰਡਲ ਟਿਪਰਾ ਅਤੇ ਰਾਸ਼ਟਰੀ ਯੁਵਾ ਵਲੰਟੀਅਰਾਂ ਅਤੇ ਪੇਂਡੂ ਮੈਂਬਰਾਂ ਨੇ ਜਾਮਨ, ਅਮਰੂਦ, ਸ਼ੀਸ਼ਮ, ਸਫੇਦਾ ਆਦਿ ਪੌਦੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਪ੍ਰਣ ਵੀ ਲਿਆ। -ਪੱਤਰ ਪ੍ਰੇਰਕ
‘ਗੱਲਾਂ ਆਰ-ਪਾਰ ਦੀਆਂ’ ਪੁਸਤਕ ਰਿਲੀਜ਼
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਵੱਲੋਂ ਪੰਜਾਬ ਕਲਾ ਪਰਿਸ਼ਦ ਵਿੱਚ ਡਾ. ਮਨਜੀਤ ਸਿੰਘ ਬੱਲ ਦੀ ਪੁਸਤਕ ‘ਗੱਲਾਂ ਆਰ ਪਾਰ ਦੀਆਂ’ ਰਿਲੀਜ਼ ਕੀਤੀ ਗਈ। ਮਹਿਮਾਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਤਜਰਬਿਆਂ ’ਚੋਂ ਨਿਕਲੀ ਪੁਸਤਕ ਆਪਣੇ ਆਪ ਵਿੱਚ ਮਿਆਰੀ ਹੁੰਦੀ ਹੈ। ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਾਹਿਤ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਵਿਚੋਂ ਉਪਜਦਾ ਹੈ। ਇਸ ਦੌਰਾਨ ਡਾ. ਅਵਤਾਰ ਸਿੰਘ ਪਤੰਗ, ਤਰਸੇਮ ਬਸ਼ਰ, ਪ੍ਰਿੰਸੀਪਲ ਗੁਰਦੇਵ ਪਾਲ ਨੇ ਵਿਚਾਰ ਰੱਖੇ। ਅਨੀਤਾ ਬੇਦੀ, ਹਰਵਿੰਦਰ ਧਾਲੀਵਾਲ ਅਤੇ ਇਕਬਾਲ ਸੈਣੀ ਨੇ ਗੀਤ ਸੁਣਾ ਕੇ ਸਮਾਂ ਬੰਨ੍ਹਿਆ। ਪਾਲ ਅਜਨਬੀ, ਡਾ. ਮਨਜੀਤ ਸਿੰਘ ਬੱਲ, ਮੱਖਣ ਲਾਲ ਗਰਗ, ਜੰਗ ਬਹਾਦਰ ਗੋਇਲ ਨੇ ਸੰਬੋਧਨ ਕੀਤਾ। ਲਾਭ ਸਿੰਘ ਲੈਹਲੀ ਨੇ ਧੰਨਵਾਦੀ ਕੀਤਾ। -ਸਾਹਿਤ ਪ੍ਰਤੀਨਿਧ
ਆਈਟੀਆਈ ਸਿੰਘਪੁਰ ’ਚ ਕਿੱਤਾਮੁਖੀ ਕੋਰਸ ਸ਼ੁਰੂ
ਨੂਰਪੁਰ ਬੇਦੀ: ਇਥੋਂ ਨਜ਼ਦੀਕੀ ਪਿੰਡ ਸਿੰਘਪੁਰ ਵਿੱਚ ਖੁੱਲ੍ਹੀ ਸਰਕਾਰੀ ਆਈਟੀਆਈ ਸੰਸਥਾ ਵਿੱਚ ਚੱਲ ਰਹੇ ਕਿੱਤਾਮੁਖੀ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਵਿੱਚ ਕਾਫੀ ਉਤਸ਼ਾਹ ਹੈ। ਇਸ ਸੰਸਥਾ ਵਿੱਚ ਤਕਨੀਕੀ ਕੋਰਸ ਸ਼ੁਰੂ ਕੀਤੇ ਗਏ ਹਨ। ਸੰਸਥਾ ਦੇ ਪ੍ਰਿੰਸੀਪਲ ਰਾਜੀਵ ਲੂੰਬਾ ਨੇ ਦੱਸਿਆਂ ਕਿ ਆਈਟੀਆਈ ਸਿੰਘਪੁਰ ਵਿੱਚ ਵੈਲਡਰ, ਮਕੈਨਿਕ ਟਰੈਕਟਰ, ਪਲੰਬਰ, ਡਰਾਫਟਸਮੈਨ ਸਿਵਲ, ਫਿੱਟਰ, ਮਕੈਨਿਕ ਇਲੈਟਰੀਕਲ ਵਹੀਕਲ ਅਤੇ ਇਲੈਕਟਰੀਸ਼ਨ ਕੋਰਸ ਉਪਲੱਬਧ ਹਨ। ਇਸ ਮੌਕੇ ਟ੍ਰੇਨਿੰਗ ਅਫਸਰ ਸਤੀਸ਼ ਕੁਮਾਰ, ਇੰਸਟਰੱਕਟਰ ਜਸਵਿੰਦਰ ਸਿੰਘ, ਸੀਨੀਅਰ ਸਹਾਇਕ ਜਗਦੀਪ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਸੈਣੀ ਮਾਜਰਾ ਵਿੱਚ ਖੂਨਦਾਨ ਕੈਂਪ
ਨੂਰਪੁਰ ਬੇਦੀ: ਪਿੰਡ ਸੈਣੀ ਮਾਜਰਾ ਵਿਖੇ ਨੌਜਵਾਨ ਸਭਾ ਅਤੇ ਬਲੱਡ ਡੋਨਰ ਟੀਮ ਵੱਲੋਂ ਮੁੱਖ ਪ੍ਰਬੰਧਕ ਹੇਮੰਤ ਸੈਣੀ ਦੀ ਅਗਵਾਈ ਹੇਠ 11ਵਾਂ ਵਿਸ਼ਾਲ ਖੂਨਦਾਨ ਕੈਂਪ ਕਰਵਾਇਆ ਗਿਆ। ਇਸ ਕੈਂਪ ਵਿੱਚ ਸਿਵਲ ਹਸਪਤਾਲ ਰੋਪੜ ਅਤੇ ਸੁਹਾਣਾ ਹਸਪਤਾਲ ਦੀਆਂ ਮੈਡੀਕਲ ਟੀਮਾਂ ਵੱਲੋਂ 300 ਤੋਂ ਵੱਧ ਨੌਜਵਾਨਾਂ ਦਾ ਖੂਨ ਇਕੱਤਰ ਕੀਤਾ ਗਿਆ। ਖੂਨਦਾਨ ਕਰ ਚੁੱਕੇ ਸਾਰਿਆਂ ਦਾਨੀਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਪ੍ਰਬੰਧਕ ਹੇਮੰਤ ਸੈਣੀ, ਦੇਸ ਰਾਜ ਸੈਣੀ, ਸਰਪੰਚ ਰਾਮ ਸਰੂਪ, ਗੋਪਾਲ ਸੈਣੀ, ਵਿੱਕੀ ਧਿਮਾਨ ਘਨੌਲੀ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨਪ੍ਰੀਤ ਰੋਮੀ, ਮਾਸਟਰ ਰਮੇਸ਼ ਕੁਮਾਰ, ਚਰਨਜੀਤ ਸਿੰਘ, ਰੋਹਿਤ ਕੁਮਾਰ, ਬਲਜੀਤ ਸਿੰਘ, ਧਰਮਪਾਲ ਸਿੰਘ ਦੇਵਰਾਜ ਅਤੇ ਲਖਵਿੰਦਰ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ
ਸੀਨੀਅਰ ਸਿਟੀਜ਼ਨ ਕੌਂਸਲ ਮੈਂਬਰਾਂ ਦੀ ਮੀਟਿੰਗ
ਚਮਕੌਰ ਸਾਹਿਬ: ਸੀਨੀਅਰ ਸਿਟੀਜ਼ਨ ਕੌਂਸਲ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਪੈਨਸ਼ਨਰ ਘਰ ਵਿਖੇ ਪ੍ਰਧਾਨ ਅਜਾਇਬ ਸਿੰਘ ਮਾਂਗਟ ਜੀ ਦੀ ਪ੍ਰਧਾਨਗੀ ਹੇਠ ਹੋਈ । ਸ੍ਰੀ ਮਾਂਗਟ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਮਕੌਰ ਸਾਹਿਬ ਇਤਿਹਾਸਕ ਨਗਰੀ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਦੀ ਫੌਰੀ ਰਿਪੇਅਰ ਕਰਵਾਈ ਜਾਵੇ। ਇਸ ਮੌਕੇ ਕੈਪਟਨ ਹਰਪਾਲ ਸਿੰਘ ਸੰਧੂ , ਕੈਪਟਨ ਗੁਰਦੇਵ ਸਿੰਘ, ਗੁਰਦਿਆਲ ਸਿੰਘ,ਮਲਕੀਤ ਸਿੰਘ, ਕ੍ਰਿਸ਼ਨ ਲਾਲ , ਧਰਮਪਾਲ ਸੋਖਲ, ਨਿਰਮਲ ਸਿੰਘ, ਬਾਰਾ ਸਿੰਘ ਕੰਗ, ਨੌਹਰੀਆ ਸਿੰਘ, ਮੋਹਨ ਸਿੰਘ, ਸੁਰਜੀਤ ਸਿੰਘ,ਪਵਨ ਕੁਮਾਰ, ਭਾਗ ਸਿੰਘ ਅਤੇ ਸੁਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ