ਸਤਲੁਜ ’ਚ ਪਾਣੀ ਵਧਣ ਕਾਰਨ ਕਈ ਪਿੰਡਾਂ ’ਚ ਪਾਣੀ ਭਰਿਆ
ਸ੍ਰੀ ਆਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਨੰਗਲ ਡੈਮ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸਤਲੁਜ ਦਰਿਆ ਉਫਾਨ ’ਤੇ ਹੈ। ਦਰਿਆ ਦਾ ਪਾਣੀ ਗੱਜਪੁਰ ਬੇਲਾ, ਚੰਦਪੁਰ ਬੇਲਾ, ਹਰੀਵਾਲ ਅਤੇ ਸ਼ਾਹਪੁਰ ਬੇਲਾ ਆਦਿ ਪਿੰਡਾਂ ਵਿੱਚ ਪੁੱਜਣ ਕਾਰਨ ਇਨ੍ਹਾਂ ਪਿੰਡਾਂ ਦਾ ਨਜ਼ਦੀਕੀ ਸ਼ਹਿਰਾਂ ਨਾਲ ਸੰਪਰਕ ਮੁਕੰਮਲ ਤੌਰ ’ਤੇ ਟੁੱਟ ਗਿਆ ਹੈ। ਪਾਣੀ ਵਧਣ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਸ਼ਾਹਪੁਰ ਬੇਲਾ ਵਿਚ ਸਥਿਤੀ ਗੰਭੀਰ ਹੋਣ ਕਰਕੇ ਐਨ.ਡੀ.ਆਰ.ਐਫ ਦੀ ਟੀਮ ਨੇ ਮੋਰਚਾ ਸੰਭਾਲਿਆ ਅਤੇ ਪਾਣੀ ਨਾਲ ਘਿਰੇ ਕੁਝ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
ਇਸਦੇ ਨਾਲ ਹੀ ਪਿੰਡ ਘਟੀਵਾਲ ਵਿੱਚ ਬਰਸਾਤੀ ਪਾਣੀ ਘਰਾਂ ਵਿਚ ਦਾਖਲ ਹੋ ਗਿਆ, ਜਦਕਿ ਕਲਗੀਧਰ ਮਾਰਕੀਟ ਅਤੇ ਸਟੇਸ਼ਨ ਨੇੜਲੇ ਇਲਾਕਿਆਂ ਵਿੱਚ ਵੀ ਸੜਕਾਂ ਉੱਤੇ ਪਾਣੀ ਭਰ ਗਿਆ ਜਿਸ ਨਾਲ ਆਮ ਜੀਵਨ ਪ੍ਰਭਾਵਿਤ ਹੋਇਆ। ਦੂਜੇ ਪਾਸੇ ਪਿੰਡ ਹੇਠਲਾ ਬਢਲ ਵਿੱਚ ਨੰਗਲ ਹਾਈਡਲ ਚੈਨਲ ਅਤੇ ਆਨੰਦਪੁਰ ਸਾਹਿਬ ਹਾਈਡਲ ਚੈਨਲ ਦੀਆਂ ਪਟੜੀਆਂ ਨਾਲ ਲੱਗੀ ਮਿੱਟੀ ਖਿਸਕਣ ਲੱਗੀ, ਜਿਸ ਕਰਕੇ ਪਟੜੀਆਂ ਟੁੱਟਣ ਦਾ ਖਤਰਾ ਪੈਦਾ ਹੋ ਗਿਆ। ਇਸ ਸਥਿਤੀ ਨੂੰ ਦੇਖਦਿਆਂ ਲੋਕਾਂ ਨੇ ਪ੍ਰਸ਼ਾਸਨ ਦੀ ਮਦਦ ਨਾਲ ਮਿੱਟੀ ਦੀਆਂ ਰੋਕਾਂ ਲਾਈਆਂ।
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਆਪਣੀਆਂ ਟੀਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਰਾਹਤ ਕਾਰਜਾਂ ਵਿੱਚ ਹਿੱਸਾ ਲਿਆ। ਇਸ ਮੌਕੇ ਬੀ.ਬੀ.ਐਮ.ਬੀ. ਦੇ ਚੀਫ ਇੰਜੀਨੀਅਰ ਸੀ.ਪੀ. ਸਿੰਘ, ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ, ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਨਾ, ਡੀ.ਐਸ.ਪੀ. ਅਜੇ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਮੌਜੂਦ ਰਹੇ ਅਤੇ ਹਾਲਾਤਾਂ ਦੀ ਨਿਗਰਾਨੀ ਕਰਦੇ ਹੋਏ ਰਾਹਤ ਕੰਮਾਂ ਦੀ ਅਗਵਾਈ ਕੀਤੀ। ਇਲਾਕੇ ਦੇ ਕਈ ਪਿੰਡਾਂ ਵਿੱਚ ਛੋਟੀਆਂ ਕੰਧਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਚਮਕੌਰ ਸਾਹਿਬ (ਸੰਜੀਵ ਬੱਬੀ): ਸਤਲੁਜ ਵਿੱਚ ਪਿੰਡ ਫੱਸੇ ਤੇ ਪਿੰਡ ਰਸੀਦਪੁਰ ਮੰਡ ਸਾਹਮਣੇ ਦਰਿਆ ਨੂੰ ਢਾਹ ਲੱਗ ਗਈ ਹੈ, ਜਿਸ ਨੂੰ ਪ੍ਰਸ਼ਾਸਨ ਵੱਲੋਂ ਲੇਬਰ ਲਗਾ ਕੇ ਢਾਹ ਨੂੰ ਮਿੱਟੀ ਦੇ ਥੈਲਿਆ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਕਿ ਦਰਿਆ ਦਾ ਬੰਨ੍ਹ ਮਜ਼ਬੂਤ ਬਣਿਆ ਰਹੇ। ਇਸ ਕਾਰਜ ਲਈ ਪ੍ਰਸ਼ਾਸਨ ਵੱਲੋਂ ਦਰਜਨਾਂ ਹੀ ਮਜ਼ਦੂਰ ਲਗਾਏ ਹੋਏ ਹਨ ਪਰ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਯੂਥ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ, ਸਰਪੰਚ ਜਗਦੇਵ ਸਿੰਘ, ਕਿਸਾਨ ਆਗੂ ਦਲਵੀਰ ਸਿੰਘ ਅਟਾਰੀ ਅਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਰੰਗਾ ਨੇ ਦੱਸਿਆ ਕਿ ਦਰਿਆ ਅਤੇ ਨਜ਼ਦੀਕ ਤੋਂ ਲੰਘਦੀਆਂ ਨਦੀਆਂ ਤੇ ਨਾਲਿਆਂ ਦੀ ਦਹਾਕਿਆਂ ਤੋਂ ਸਫਾਈ ਨਾ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਨਦੀਆਂ ਦੀ ਸਫਾਈ ਕਰਨ ਸਬੰਧੀ ਉਨ੍ਹਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਦੇ ਹੇਠਲੇ ਅਫਸਰ ਤੋਂ ਲੈ ਕੇ ਸਕੱਤਰ ਤੱਕ ਦਰਖਾਸਤਾਂ ਦਿੱਤੀਆਂ ਸਨ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਸਿਰਫ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਰਿਹਾ ਕਿ ਉਕਤ ਕੰਮਾਂ ਸਬੰਧੀ ਟੈਂਡਰ ਲਗਾ ਦਿੱਤੇ ਗਏ ਹਨ। ਯੂਥ ਆਗੂ ਲਖਬੀਰ ਸਿੰਘ ਹਾਫਿਜ਼ਾਬਾਦ ਨੇ ਦੱਸਿਆ ਕਿ ਮਾਫੀਏ ਨਾਲ ਮਿਲ ਕੇ ਨਾਜਾਇਜ਼ ਮਾਈਨਿੰਗ ਕਰਵਾਈ ਗਈ ਹੈ ਜਿਸ ਦਾ ਖਮਿਆਜ਼ਾ ਪੂਰੇ ਬੇਟ ਇਲਾਕੇ ਨੂੰ ਭੁਗਤਣਾ ਪਵੇਗਾ।