ਭਰੇਲੀ ਵਿੱਚ ਢਿੱਗਾਂ ਡਿੱਗਣ ਕਾਰਨ ਕਈ ਘਰ ਨੁਕਸਾਨੇ
ਰਾਏਪੁਰ ਰਾਣੀ ਦੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਭਾਰੀ ਮੀਂਹ ਪੈਣ ਨਾਲ ਭਰੇਲੀ ਪਿੰਡ ਵਿੱਚ ਇੱਕ ਵੱਡਾ ਹਾਦਸਾ ਹੋਇਆ। ਪਹਾੜ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਸਥਿਤ ਘਰਾਂ ’ਤੇ ਡਿੱਗ ਪਿਆ। ਇਸ ਨਾਲ ਲਗਪਗ ਅੱਠ ਘਰਾਂ ਨੂੰ ਭਾਰੀ ਨੁਕਸਾਨ ਹੋਇਆ। ਮੀਂਹ ਦੇ ਨਾਲ ਆਇਆ ਮਲਬਾ ਅਤੇ ਪਾਣੀ ਇਨ੍ਹਾਂ ਘਰਾਂ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਜਨਜੀਵਨ ਠੱਪ ਹੋ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਸਥਾਈ ਹੱਲ ਲਈ ਪਿੰਡ ਦੇ ਉੱਪਰਲੇ ਹਿੱਸੇ ਵਿੱਚ ਇੱਕ ਸੁਰੱਖਿਆ ਕੰਧ ਬਣਾਉਣ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਰਵਿੰਦਰ ਕੁਮਾਰ, ਹਲਕਾ ਪਟਵਾਰੀ ਅਮਿਤ ਦੇਸ਼ਵਾਲ, ਮੁਕੇਸ਼ ਕੁਮਾਰ ਅਤੇ ਬੀਡੀਸੀ ਬਰਵਾਲਾ ਦੇ ਵਾਈਸ ਚੇਅਰਮੈਨ ਵਿਨੋਦ ਚੌਧਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਬਲਾਕ ਮੋਰਨੀ ਅਤੇ ਕਾਲਕਾ ਵਿੱਚ ਪਏ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਕੌਸ਼ਲਿਆ ਡੈਮ ਦਾ ਦੌਰਾ ਕੀਤਾ ਅਤੇ ਪਾਣੀ ਦੇ ਪੱਧਰ ਦੀ ਜਾਂਚ ਕੀਤੀ ਅਤੇ ਸਬੰਧਤ ਅਧਿਕਾਰੀ ਤੋਂ ਡੈਮ ਦੀ ਸਥਿਤੀ ਬਾਰੇ ਜਾਣਕਾਰੀ ਲਈ।