ਮਾਣਕਪੁਰ ਕੱਲਰ ਵੱਲੋਂ ਸ਼ਾਮਲਾਤ ਜ਼ਮੀਨ ਵੇਚਣ ਦੀ ਤਜਵੀਜ਼ ਰੱਦ
ਪਿੰਡ ਮਾਣਕਪੁਰ ਕੱਲਰ ਦੀ ਪੰਚਾਇਤ ਨੇ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਇਕੱਤਰਤਾ ਕਰਕੇ ਪੰਚਾਇਤ ਵਿਭਾਗ ਵੱਲੋਂ ਸ਼ਾਮਲਾਤ ਜ਼ਮੀਨਾਂ ਨੂੰ ਖੁੱਲ੍ਹੀ ਬੋਲੀ ਰਾਹੀਂ ਵੇਚਣ ਸਬੰਧੀ ਮਤਾ ਪਾਏ ਜਾਣ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। ਪਿੰਡ ਦੀ ਇਹ ਬਹੁ-ਕੀਮਤੀ 35 ਏਕੜ ਪੰਚਾਇਤੀ ਜ਼ਮੀਨ ਗਿਲਕੋ ਅਤੇ ਲੈਂਡ ਚੈਸਟਰ ਦੇ ਪ੍ਰਾਜੈਕਟਾਂ ਦਰਮਿਆਨ ਪੈਂਦੀ ਹੈ। ਇਸ ਤੋਂ ਪਹਿਲਾਂ ਮੁਹਾਲੀ ਬਲਾਕ ਦੇ ਹੀ ਪਿੰਡ ਬੜੀ ਦੀ ਪੰਚਾਇਤ ਵੱਲੋਂ ਆਮ ਅਜਲਾਸ ਬੁਲਾ ਕੇ ਅਜਿਹੀ ਤਜਵੀਜ਼ ਰੱਦ ਕਰ ਚੁੱਕੀ ਹੈ। ਪਿੰਡ ਦੇ ਸਰਪੰਚ ਰਵਿੰਦਰ ਸਿੰਘ, ਟਹਿਲ ਸਿੰਘ, ਰਾਜਬੀਰ ਸਿੰਘ ਪੰਚ, ਜਸਬੀਰ ਸਿੰਘ ਪੰਚ, ਬਲਜੀਤ ਸਿੰਘ ਪੰਚ, ਹਰੀ ਸਿੰਘ ਸਾਬਕਾ ਸਰਪੰਚ, ਸਤਵਿੰਦਰ ਸਿੰਘ, ਅੰਗਰੇਜ਼ ਸਿੰਘ ਪੰਚ, ਸਤਵੰਤ ਸਿੰਘ, ਜਸਬੀਰ ਸਿੰਘ, ਅਮਨਦੀਪ ਸਿੰਘ ਗੋਲਡੀ ਆਦਿ ਦੀ ਦੇਖ-ਰੇਖ ਹੇਠ ਸਮੁੱਚੀ ਇਕੱਤਰਤਾ ਹੋਈ। ਪਿੰਡ ਵਾਸੀਆਂ ਨੇ ਇਸ ਮੌਕੇ ਪੰਚਾਇਤ ਨੂੰ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਜ਼ਮੀਨ ਨੂੰ ਖੁੱਲ੍ਹੀ ਬੋਲੀ ਵਿਚ ਵੇਚਣ ਲਈ ਮਤਾ ਨਾ ਪਾਉਣ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪੰਚਾਇਤ ਉੱਤੇ ਵਿਭਾਗ ਜਾਂ ਸਰਕਾਰ ਕੋਈ ਦਬਾਅ ਪਾਵੇ ਤਾਂ ਉਹ ਤੁਰੰਤ ਪਿੰਡ ਵਾਸੀਆਂ ਦੇ ਧਿਆਨ ਵਿੱਚ ਲਿਆਉਣ। ਪਿੰਡ ਵਾਸੀ ਪੂਰੀ ਤਰ੍ਹਾਂ ਪੰਚਾਇਤ ਦੀ ਪਿੱਠ ’ਤੇ ਖੜ੍ਹਨਗੇ ਅਤੇ ਜੇਕਰ ਲੋੜ ਪਈ ਤਾਂ ਕਿਸੇ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਸ ਸਬੰਧੀ ਲਿਖਤੀ ਤੌਰ ’ਤੇ ਜ਼ਮੀਨ ਵੇਚਣ ਸਬੰਧੀ ਕਿਸੇ ਵੀ ਤਰ੍ਹਾਂ ਦੀ ਤਜਵੀਜ਼ ਦੇ ਵਿਰੋਧ ਵਿਚ ਮਤਾ ਪਾਸ ਕੀਤਾ ਗਿਆ।
ਸਰਕਾਰ ਸਾਰੀਆਂ ਜ਼ਮੀਨਾਂ ਵੇਚਣ ਦੀ ਤਾਕ ’ਚ: ਬੈਦਵਾਣ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ ਅਤੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਨੇ ਕਿਹਾ ਕਿ ਪੰਜਾਬ ਸਰਕਾਰ ਸਰੇ ਵਿਭਾਗਾਂ ਕੋਲੋਂ ਉਨ੍ਹਾਂ ਦੀਆਂ ਜ਼ਮੀਨਾਂ ਦੇ ਵੇਰਵੇ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਸਰਕਾਰ ਪੰਚਾਇਤੀ ਸ਼ਾਮਲਾਤ ਅਤੇ ਹੋਰ ਸਰਕਾਰੀ ਜ਼ਮੀਨਾਂ ਵੇਚਣ ਸਬੰਧੀ ਕੋਈ ਨਵਾਂ ਕਾਨੂੰਨ ਵੀ ਬਣਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਪੋ-ਆਪਣੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀਆਂ ਜ਼ਮੀਨਾਂ ਨੂੰ ਵੇਚਣ ਤੋਂ ਬਚਾਉਣ ਲਈ ਇਕਜੁੱਟ ਹੋਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ।