ਮਾਣਕਪੁਰ ਦੀ ਸਰਕਾਰੀ ਅਧਿਆਪਕਾ ਭੇਤ-ਭਰੀ ਹਾਲਤ ’ਚ ਲਾਪਤਾ
ਨਹਿਰ ਕੱਢੇ ਮਿਲੀ ਐਕਟਵਾ ਤੇ ਚੱਪਲਾਂ ਤੋਂ ਖ਼ੁਦਕਸ਼ੀ ਦਾ ਸ਼ੱਕ
Advertisement
ਇੱਥੋਂ ਨੇੜਲੇ ਪਿੰਡ ਮਾਣਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੜ੍ਹਾਉਂਦੀ ਅਧਿਆਪਕਾ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਈ। ਅਧਿਆਪਕਾ ਦੀ ਪਛਾਣ ਮਾਨਸੀ ਸ਼ਰਮਾ ਵਾਸੀ ਪਿੰਡ ਲਖਣੋਂ ਪੁਲੀਸ ਥਾਣਾ ਨੂਰਪੁਰ ਬੇਦੀ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਉਸ ਦੀ ਐਕਟਿਵਾ ਅਤੇ ਚੱਪਲਾਂ ਅੱਜ ਸਵੇਰੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਕਿਨਾਰਿਓਂ ਮਿਲੀਆਂ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਪਤਾ ਅਧਿਆਪਕਾ ਮਾਨਸੀ ਸ਼ਰਮਾ ਪਿੰਡ ਪੱਟੀ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਆਪਣੇ ਪਿਤਾ ਰਾਮਪਾਲ ਸ਼ਰਮਾਂ ਨਾਲ ਰਹਿੰਦੀ ਸੀ। ਮਾਨਸੀ ਦੇ ਪਿਤਾ ਨੇ ਪੁਲੀਸ ਥਾਣਾ ਨੰਗਲ ਵਿੱਚ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਇਤਲਾਹ ਲਿਖਵਾਈ ਹੈ। ਪੁਲੀਸ ਥਾਣਾ ਨੰਗਲ ਦੇ ਐੱਸਐੱਚਓ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਅਧਿਆਪਕਾਂ ਦੀ ਐਕਟਵਾ ’ਤੇ ਚੱਪਲਾਂ ਬਰਾਮਦ ਹੋਈਆਂ ਹਨ। ਏਐੱਸਆਈ ਬਲਰਾਮ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਧਿਆਪਕਾ ਮਾਨਸੀ ਸ਼ਰਮਾ ਦੇ ਲਾਪਤਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਭਾਵੇਂ ਇਹ ਘਟਨਾ 26 ਜੁਲਾਈ ਦੀ ਦੱਸੀ ਗਈ ਹੈ ਪਰ ਪੁਲੀਸ ਨੇ ਉਸ ਦੀ ਭਾਲ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀ ਭਾਲ ਲਈ ਗੋਤਾਖੋਰਾਂ ਨੂੰ ਬੁਲਾਇਆ ਗਿਆ। ਜਦੋਂ ਤੱਕ ਅਧਿਆਪਕਾਂ ਦੀ ਲਾਸ਼ ਬਰਾਮਦ ਨਹੀਂ ਹੁੰਦੀ ਉਦੋਂ ਤੱਕ ਇਸ ਕੇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਲੋਕਾਂ ਮੁਤਾਬਕ ਅਧਿਆਪਕਾ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕਸ਼ੀ ਕੀਤੀ ਹੈ।
Advertisement
Advertisement