ਮਹਾਂਸ਼ਿਵਰਾਤਰੀ: ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ ‘ਆਪ’ ਵਿਧਾਇਕ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 26 ਫਰਵਰੀ
ਮੁਹਾਲੀ ਸ਼ਹਿਰ ਅਤੇ ਆਸਪਾਸ ਪਿੰਡਾਂ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਵੱਖ-ਵੱਖ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਸਾਰਾ ਦਿਨ ਸਮਾਗਮ ਅਤੇ ਭੰਡਾਰਾ ਜਾਰੀ ਰਿਹਾ। ‘ਆਪ’ ਵਿਧਾਇਕ ਕੁਲਵੰਤ ਸਿੰਘ ਅੱਜ ਵੱਖ-ਵੱਖ ਮੰਦਰਾਂ ਵਿੱਚ ਨਤਮਸਤਕ ਹੋਏ। ਉਨ੍ਹਾਂ ਨੇ ਸ਼ਿਵਲਿੰਗ ’ਤੇ ਦੁੱਧ ਚੜ੍ਹਾਇਆ ਅਤੇ ਪੂਜਾ ਕੀਤੀ। ਉਨ੍ਹਾਂ ਅੱਜ ਸ੍ਰੀ ਰਾਧਾ ਮਾਤਾ ਮੰਦਰ ਫੇਜ਼-6, ਦੁਰਗਾ ਮਾਤਾ ਮੰਦਰ ਫੇਜ਼-6, ਪ੍ਰਾਚੀਨ ਸ਼ਿਵ ਮੰਦਰ ਆਜ਼ਾਦ ਨਗਰ ਬਲੌਂਗੀ, ਸ੍ਰੀ ਸਨਾਤਨ ਧਰਮ ਸਦਾ ਸ਼ਿਵ ਮੰਦਰ ਸੈਕਟਰ-57, ਸ੍ਰੀ ਹਰਿ ਮੰਦਰ ਫੇਜ਼-5, ਸ੍ਰੀ ਸਨਾਤਨ ਧਰਮ ਮੰਦਰ ਫੇਜ਼-4, ਸ੍ਰੀ ਸਨਾਤਨ ਧਰਮ ਮੰਦਰ ਫੇਜ਼-7, ਸ੍ਰੀ ਲਕਸ਼ਮੀ ਨਰਾਇਣ ਮੰਦਰ ਫੇਜ਼-3ਬੀ2, ਪ੍ਰਾਚੀਨ ਸ਼ਿਵ ਮੰਦਰ ਫੇਜ਼-9, ਸੈਕਟਰ-80 ਦੇ ਮੰਦਰ ਵਿਖੇ ਸ਼ਿਵਲਿੰਗ ’ਤੇ ਜਲ ਅਤੇ ਦੁੱਧ ਚੜ੍ਹਾਇਆ। ਇਸ ਦੌਰਾਨ ਵੱਖ-ਵੱਖ ਮੰਦਰ ਕਮੇਟੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਨੂੰ ਸਨਮਾਨਿਆ ਗਿਆ।
ਇਸ ਮੌਕੇ ਆਪ ਵਾਲੰਟੀਅਰ ਕੁਲਦੀਪ ਸਿੰਘ ਸਮਾਣਾ, ਕੌਂਸਲਰ ਗੁਰਮੀਤ ਕੌਰ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਹਰਬਿੰਦਰ ਸਿੰਘ ਸੈਣੀ, ਗੁਰਮੁੱਖ ਸਿੰਘ ਸੋਹਲ, ਜਸਪਾਲ ਸਿੰਘ ਮਟੌਰ, ਰਾਜੀਵ ਵਸ਼ਿਸ਼ਟ, ਧਰਮਪ੍ਰੀਤ ਸਿੰਘ, ਪ੍ਰਗਟ ਸਿੰਘ, ਬਲਜੀਤ ਸਿੰਘ ਹੈਪੀ, ਅਰੁਣ ਗੋਇਲ, ਸੁਖਦੇਵ ਸਿੰਘ, ਚਰਨਜੀਤ ਕੌਰ, ਹਰਵਿੰਦਰ ਕੌਰ, ਗੁਰਚਰਨ ਕੌਰ, ਹਰਵੀਰ ਪਾਲ ਕੌਰ ਅਤੇ ਨਤਾਸ਼ਾ ਮੌਜੂਦ ਸਨ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਸ਼ਿਵਰਾਤਰੀ ਅੱਜ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਵਿਖੇ ਸ਼ਿਵ ਮੰਦਿਰਾਂ ਵਿੱਚ ਸ਼ਰਧਾਲੂਆਂ ਵੱਲੋਂ ਮਨਾਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੁੱਲਾਂਪੁਰ ਗਰੀਬਦਾਸ ਵਿਖੇ ਪੁਰਾਤਨ ਟੋਭੇ ਕੋਲ ਸ਼ਿਵ ਮੰਦਿਰ, ਜੈਯੰਤੀ ਮਾਜਰੀ ਵਿਖੇ ਸ਼ਿਵ ਮੰਦਿਰ, ਸਿੱਸਵਾਂ ਵਿਖੇ ਸ਼ਿਵ ਮੰਦਿਰ, ਤੀੜਾ, ਤੋਗਾਂ ਵਿਖੇ ਸ਼ਿਵ ਮੰਦਿਰ, ਕੰਸਾਲਾ, ਹੁਸ਼ਿਆਰਪੁਰ, ਨਵਾਂ ਗਰਾਉਂ, ਸਿੰਘਾ ਦੇਵੀ, ਕਾਂਸਲ ਅਤੇ ਪਿੰਡ ਬੜੀ ਕਰੌਰਾਂ ਵਿਖੇ ਸ਼ਿਵ ਮੰਦਿਰਾਂ ਨੂੰ ਬਿਜਲੀ ਰੋਸ਼ਨੀ ਨਾਲ ਸਜਾਇਆ ਗਿਆ ਅਤੇ ਪੁਜਾਰੀਆਂ ਵੱਲੋਂ ਪੂਜਾ ਅਰਚਨਾ ਕੀਤੀ ਗਈ ਅਤੇ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਮੰਦਿਰਾਂ ਵਿੱਚ ਮੱਥਾ ਟੇਕਿਆ। ਮੰਦਿਰ ਪ੍ਰਬੰਧਕ ਵੱਲੋਂ ਦੁੱਧ, ਬੇਰ, ਕੜੀ-ਚੌਲ ਦੇੇ ਲੰਗਰ ਵੀ ਲਗਾਏ ਗਏ।
ਮੋਰਿੰਡਾ (ਸੰਜੀਵ ਤੇਜਪਾਲ): ਮਹਾਸ਼ਿਵਰਾਤਰੀ ਮੌਕੇ ਸ਼ਿਵ ਭਗਤਾਂ ਦੀਆਂ ਮੰਦਰਾਂ ਵਿੱਚ ਮੱਥਾ ਟੇਕਣ ਲਈ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿੱਚ ਹਵਨ ਕਰਵਾਏ ਗਏ ਅਤੇ ਭਜਨ ਮੰਡਲੀਆਂ ਵਲੋਂ ਸ਼ਿਵ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮੰਦਰਾਂ ਨੂੰ ਸਜਾਇਆ ਗਿਆ ਅਤੇ ਲੰਗਰ ਅਤੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਮੋਰਿੰਡਾ ਅਤੇ ਆਸ-ਪਾਸ ਦੇ ਪਿੰਡਾਂ ਦੇ ਸ਼ਿਵ ਮੰਦਰਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਪਿੰਡ ਸੰਘੋਲ ਦੇ ਵੱਖ ਵੱਖ ਸ਼ਿਵ ਮੰਦਰਾਂ ਵਿੱਚ ਸ਼ਿਵ ਭਗਤਾਂ ਨੇ ਪੂਜਾ ਕੀਤੀ ਅਤੇ ਹਵਨ ਵਿੱਚ ਹਿਸਾ ਲਿਆ। ਪਿੰਡ ਦੇ ਤੋਲਿਆਂ ਵਾਲੇ ਸ਼ਿਵ ਮੰਦਰ, ਖੰਡੂ ਵਾਲੇ ਸ਼ਿਵ ਮੰਦਰ ਵਿੱਚ ਭੰਡਾਰਾ ਕਰਵਾਇਆ ਗਿਆ।
ਲਾਲਪੁਰਾ ਨੇ ਝਿੰਜੜੀ ਸ਼ਿਵ ਮੰਦਰ ਵਿੱਚ ਪੂਜਾ ਕੀਤੀ
ਨੂਰਪੁਰ ਬੇਦੀ (ਬਲਵਿੰਦਰ ਰੈਤ): ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਮਹਾਂਸ਼ਿਵਰਾਤਰੀ ਮੌਕੇ ਝਿੰਜੜੀ ਅਤੇ ਗੱਦੀਵਾਲ ਸ਼ਿਵ ਮੰਦਰ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ। ਝਿੰਜੜੀ ਸ਼ਿਵ ਮੰਦਰ ਪ੍ਰਬੰਧਕਾਂ ਵੱਲੋਂ ਲਾਲਪੁਰਾ ਦਾ ਸਨਮਾਨ ਕੀਤਾ ਗਿਆ। ਮੰਦਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਯੋਗਦਾਨ ਦੀ ਸਾਧਨਾ ਕੀਤੀ। ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਸਥਾਨਕ ਭਾਜਪਾ ਵਰਕਰਾਂ, ਸਰਧਾਲੂਆਂ ਅਤੇ ਪ੍ਰਮੁੱਖ ਹਸਤੀਆਂ ਦੀ ਵੱਡੀ ਗਿਣਤੀ ਮੌਜੂਦ ਰਹੀ। ਮੰਦਰ ਵਿੱਚ ਭਜਨ-ਕੀਰਤਨ ਅਤੇ ਪ੍ਰਸ਼ਾਦ ਦਾ ਪ੍ਰਬੰਧ ਵੀ ਕੀਤਾ ਗਿਆ। ਮਹਾਸ਼ਿਵਰਾਤਰੀ ਮੌਕੇ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ ਅਤੇ ਸ਼ਿਵ ਮੰਦਰਾਂ ਵਿੱਚ ਦਿਨ ਭਰ ਸ਼ਰਧਾਲੂਆਂ ਦੀ ਭਾਰੀ ਭੀੜ ਜੁਟੀ ਰਹੀ।
ਮਹਾਰਾਜਾ ਅੱਜ ਸਰੋਵਰ ਕਿਨਾਰੇ ਬੂਟੇ ਲਾਏ
ਖਰੜ (ਸ਼ਸ਼ੀ ਪਾਲ ਜੈਨ): ਖਰੜ ਦੇ ਪ੍ਰਮੁੱਖ ਸ਼ਹਿਰੀ ਅਤੇ ਏਜੀ ਪੰਜਾਬ ਵਿੱਚੋਂ ਉੱਚ ਅਹੁਦੇ ਤੋਂ ਸੇਵਾਮੁਕਤ ਹੋਏ ਬ੍ਰਿਜ ਬਿਹਾਰੀ ਕਰਵਲ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਾਥੀਆਂ ਨੇ ਸ਼ਿਵਰਾਤਰੀ ਮੌਕੇ ਮਹਾਰਾਜਾ ਅੱਜ ਸਰੋਵਰ ਦੇ ਕਿਨਾਰੇ ਬੂਟੇ ਲਗਾਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਬੂਟੇ ਲਗਾਉਣ, ਸਗੋਂ ਇਨ੍ਹਾਂ ਦੀ ਦੇਖਭਾਲ ਵੀ ਕਰਨ। ਉਨ੍ਹਾਂ ਕਿਹਾ ਕਿ ਖਰੜ ਵਿਚ ਭਗਵਾਨ ਰਾਮ ਚੰਦਰ ਦੇ ਪੁਰਖਿਆਂ ਨਾਲ ਸਬੰਧਿਤ ਇਤਿਹਾਸਿਕ ਸਥਾਨ ਮਹਾਰਾਜਾ ਅੱਜ ਸਰੋਵਰ ਹੈ ਜਿਸ ਦੇ ਕਿਨਾਰੇ ਸਾਰਿਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ।