ਪਰਾਲੀ ਦੀਆਂ ਗੱਠਾਂ ਬਣਾਉਣ ਲਈ ਨਹੀਂ ਮਿਲ ਰਹੀ ਮਸ਼ੀਨਰੀ
ਬਨੂੜ ਖੇਤਰ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾਂਭਣ ਲਈ ਬੇਲਰ ਮਸ਼ੀਨਾਂ ਦਾ ਇੰਤਜ਼ਾਰ ਹੈ। ਇਸ ਖੇਤਰ ਵਿਚ ਵੱਡੀ ਪੱਧਰ ’ਤੇ ਆਲੂ ਦੀ ਫ਼ਸਲ ਦੀ ਪੈਦਾਵਾਰ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਬੇਲਰ ਮਸ਼ੀਨਾਂ ਨਾ ਪਹੁੰਚਣ ਕਾਰਨ ਉਨ੍ਹਾਂ ਦੀ ਆਲੂਆਂ ਦੀ ਬਿਜਾਈ ਲੇਟ ਹੋ ਰਹੀ ਹੈ।
ਪਿੰਡ ਨੰਡਿਆਲੀ ਦੇ ਕਿਸਾਨਾਂ ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਮਸ਼ੀਨਰੀ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਹਨ। ਖੇਤਾਂ ਵਿੱਚ ਪਈ ਝੋਨੇ ਦੀ ਪਰਾਲੀ ਨੂੰ ਦਿਖਾਉਂਦੇ ਹੋਏ ਕਈਂ ਹੋਰ ਕਿਸਾਨਾਂ ਨੇ ਵੀ ਕਿਹਾ ਕਿ ਉਨ੍ਹਾਂ ਨੇ ਦਸ ਦਿਨ ਪਹਿਲਾਂ ਝੋਨੇ ਦੀ ਫਸਲ ਨੂੰ ਕੱਟ ਕੇ ਮੰਡੀ ਵਿੱਚ ਸੁੱਟ ਦਿੱਤਾ ਸੀ ਅਤੇ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਪਿਛਲੇ ਕਈ ਦਿਨਾਂ ਤੋਂ ਉਹ ਬੇਲਰ ਮਾਲਕਾਂ ਨੂੰ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਫੋਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਿਸੇ ਵੀ ਬੇਲਰ ਵਾਲੇ ਨੇ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਝੋਨੇ ਦੀ ਪਰਾਲੀ ਵਿੱਚ ਕੱਟਰ ਤੱਕ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਦੋ ਦਿਨਾਂ ਦੇ ਵਿੱਚ ਗੱਠਾਂ ਬਣਾਉਣ ਲਈ ਮਸ਼ੀਨਰੀ ਮੁਹੱਈਆ ਨਾ ਕਰਵਾਈ ਤਾਂ ਉਹ ਝੋਨੇ ਦੀ ਪਰਾਲੀ ਨੂੰ ਅੱਗ ਲਾ ਦੇਣਗੇ। ਉਨ੍ਹਾਂ ਕਿਹਾ ਕਿ ਉਹ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਜਲਦੀ ਹੀ ਬੇਲਰ ਭੇਜ ਦਿੱਤੇ ਜਾਣਗੇ: ਮੁੱਖ ਖੇਤੀ ਅਫ਼ਸਰ
ਜ਼ਿਲ੍ਹਾ ਮੁਹਾਲੀ ਦੇ ਮੁੱਖ ਖੇਤੀ ਅਫ਼ਸਰ ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਕਾਹਲ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 28 ਬੇਲਰ ਆਪਣੇ ਹਨ ਜਦੋਂ ਕਿ 22 ਹੋਰ ਬੇਲਰ ਹਰਿਆਣਾ ਅਤੇ ਹੋਰ ਪਾਸੇ ਤੋਂ ਵੀ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਬੇਲਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੰਡਿਆਲੀ ਪਿੰਡ ਵਿੱਚ ਜਲਦੀ ਹੀ ਪਰਾਲੀ ਸਾਂਭਣ ਲਈ ਬੇਲਰ ਭੇਜ ਦਿੱਤੇ ਜਾਣਗੇ।