ਜੀਐੱਮਸੀਐੱਚ ’ਚ ਕਾਊਂਸਲਿੰਗ ਲਈ ਉਡੀਕ ਹੋਈ ਲੰਬੀ
ਇੱਥੋਂ ਦੇ ਜੀਐੱਮਸੀਐੱਚ 32 ’ਚ ਐੱਮਬੀਬੀਐੱਸ ਦੀ ਕਾਊਂਸਲਿੰਗ ਲਈ ਦੇਰੀ ਹੋਣ ਕਾਰਨ ਵਿਦਿਆਰਥੀ ਪ੍ਰੇਸ਼ਾਨ ਹਨ। ਐੱਮਬੀਬੀਐੱਸ ਅੰਡਰ ਗਰੈਜੂਏਟ ਵਿੱਚ ਦਾਖ਼ਲਿਆਂ ਲਈ ਚੰਡੀਗੜ੍ਹ ਨੂੰ ਛੱਡ ਕੇ ਹੋਰ ਸੂਬਿਆਂ ਨੇ ਕਾਊਂਸਲਿੰਗ ਪ੍ਰਕਿਰਿਆ ਮੁਕੰਮਲ ਕਰ ਲਈ ਹੈ ਤੇ ਇਨ੍ਹਾਂ ਦੀਆਂ ਸੀਟਾਂ ਭਰਨ ਕਾਰਨ ਤੇ ਚੰਡੀਗੜ੍ਹ ਵਿੱਚ ਦਾਖਲੇ ਨਾ ਮਿਲਣ ਕਾਰਨ ਵਿਦਿਆਰਥੀ ਤੇ ਮਾਪੇ ਕਾਲਜ ਦੇ ਰੋਜ਼ਾਨਾ ਚੱਕਰ ਲਾ ਰਹੇ ਹਨ। ਐੱਮਬੀਬੀਐੱਸ ਦੀ ਕਾਊਂਸਲਿੰਗ ਲਈ ਫਾਈਨਲ ਲਿਸਟ ਜਾਰੀ ਨਾ ਹੋਣ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਸਰਕਾਰੀ ਹਸਪਤਾਲ ਤੇ ਮੈਡੀਕਲ ਕਾਲਜ ਜੀਐੱਮਸੀਐਚ ਨੇ ਸੁਪਰੀਮ ਕੋਰਟ ਵੱਲੋਂ ਓਬੀਸੀ ਵਰਗ ਲਈ ਤਿੰਨ ਫ਼ੀਸਦੀ ਰਾਖਵਾਂਕਰਨ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਕਈ ਵਿਦਿਆਰਥੀਆਂ ਦੇ ਦੂਜੇ ਸੂਬਿਆਂ ਵਿੱਚ ਐੱਮਬੀਬੀਐੱਸ ਵਿੱਚ ਦਾਖਲਾ ਮਿਲਣ ’ਤੇ ਇਹ ਵਿਦਿਆਰਥੀ ਸ਼ਸ਼ੋਪੰਜ ਵਿੱਚ ਹਨ ਕਿ ਉਹ ਬਾਹਰਲੇ ਸੂਬਿਆਂ ਵਿੱਚ ਦਾਖਲਾ ਲੈਣ ਜਾਂ ਚੰਡੀਗੜ੍ਹ ਵਿਚ ਐੱਮਬੀਬੀਐੱਸ ਕਰਨ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇੱਕ ਹਫਤੇ ਵਿੱਚ ਹੀ ਕਾਊਂਸਲਿੰਗ ਦਾ ਨਵਾਂ ਸ਼ਡਿਊਲ ਜਾਰੀ ਕਰ ਦੇਣਗੇ। ਇਸ ਸੰਸਥਾਨ ਵਿੱਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੇ ਦੱਸਿਆ ਕਿ ਬਾਕੀ ਸੰਸਥਾਨਾਂ ਦੇ ਮੁਕਾਬਲੇ ਜੀਐੱਮਸੀਐੱਚ ਲੇਟ ਚੱਲ ਰਿਹਾ ਹੈ ਤੇ ਜੇ ਉਹ ਆਪਣੇ ਸਰਟੀਫਿਕੇਟ ਹੋਰ ਸੂਬਿਆਂ ਵਿੱਚ ਜਮ੍ਹਾਂ ਕਰਵਾ ਦੇਣਗੇ ਤਾਂ ਚੰਡੀਗੜ੍ਹ ਵਿੱਚ ਉਨ੍ਹਾਂ ਨੂੰ ਦਾਖਲੇ ਲਈ ਮਨ੍ਹਾਂ ਕੀਤਾ ਜਾਵੇਗਾ ਕਿਉਂਕਿ ਜੀਐੱਮਸੀਐੱਚ ਵਾਲੇ ਕਹਿ ਰਹੇ ਹਨ ਕਿ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਕਾਊਂਸਲਿੰਗ ਵਿਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਅਸਲੀ ਸਰਟੀਫਿਕੇਟ ਹੋਣਗੇ ਪਰ ਇੱਥੇ ਕਾਊਂਸਲਿੰਗ ਦੀ ਤਰੀਕ ਜਾਰੀ ਨਾ ਹੋਣ ਕਾਰਨ ਉਹ ਦੁਚਿੱਤੀ ਵਿੱਚ ਹਨ ਕਿ ਉਹ ਕਿੱਥੇ ਦਾਖਲਾ ਲੈਣ। ਜਾਣਕਾਰੀ ਅਨੁਸਾਰ ਜੀਐੱਮਸੀਐੱਚ ਨੇ ਪਹਿਲਾਂ ਅਗਸਤ ਦੇ ਦੂਜੇ ਜਾਂ ਤੀਜੇ ਹਫਤੇ ਐਮਬੀਬੀਐਸ ਦੀ ਕਾਊਂਸਲਿੰਗ ਦੀ ਪ੍ਰਕਿਰਿਆ ਮੁਕੰਮਲ ਕਰ ਲੈਣੀ ਸੀ ਪਰ ਦੇਸ਼ ਦੀ ਸਰਵਉਚ ਅਦਾਲਤ ਵੱਲੋਂ ਚੰਡੀਗੜ੍ਹ ਦੇ ਸਿੱਖਿਆ ਸੰਸਥਾਨਾਂ ਵਿੱਚ ਓਬੀਸੀ ਲਈ ਤਿੰਨ ਫੀਸਦੀ ਰਾਖਵਾਂਕਰਨ ਰੱਖਣ ਦੇ ਫੈਸਲੇ ਕਾਰਨ ਇਸ ਪ੍ਰਕਿਰਿਆ ਵਿਚ ਸੋਧ ਕੀਤੀ ਗਈ ਤੇ ਇਹ ਪਤਾ ਲੱਗਿਆ ਹੈ ਕਿ ਓਬੀਸੀ ਲਈ ਸੂਚੀਆਂ 22 ਅਗਸਤ ਤਕ ਮੰਗੀਆਂ ਗਈਆਂ ਸਨ।
ਹਫ਼ਤੇ ਵਿੱਚ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ: ਰਜਿਸਟਰਾਰ
Advertisementਜੀਐੱਮਸੀਐੱਚ ਦੇ ਸਾਬਕਾ ਪ੍ਰਿੰਸੀਪਲ ਡਾਇਰੈਕਟਰ ਡਾ. ਅਸ਼ੋਕ ਅੱਤਰੀ ਨੇ ਕਿਹਾ ਕਿ ਭਾਵੇਂ ਉਹ ਇਸ ਵੇਲੇ ਲੇਟ ਚੱਲ ਰਹੇ ਹਨ ਪਰ ਸੂਚੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਰਜਿਸਟਰਾਰ ਸਤਪਾਲ ਸਿੰਘ ਨੇ ਦੱਸਿਆ ਕਿ 22 ਅਗਸਤ ਤਕ ਓਬੀਸੀ ਤੋਂ ਸੂਚੀਆਂ ਮੰਗੀਆਂ ਗਈਆਂ ਸਨ ਤੇ ਹਸਪਤਾਲ ਤੇ ਕਾਲਜ ਦੀ ਕਮੇਟੀ ਇਨ੍ਹਾਂ ਸੂਚੀਆਂ ਨੂੰ ਤਰਤੀਬਵਾਰ ਲਾਵੇਗੀ ਜਿਸ ਤੋਂ ਬਾਅਦ ਯੋਗ ਵਿਦਿਆਰਥੀ ਸਾਹਮਣੇ ਆਉਣ ’ਤੇ ਇਤਰਾਜ਼ ਮੰਗੇ ਜਾਣਗੇ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਦੂਜੇ ਸੂਬਿਆਂ ਦੇ ਸੰਸਥਾਨਾਂ ਵਿੱਚ ਦਾਖ਼ਲਾ ਲਿਆ ਹੈ ਉਹ ਆਪਣੇ ਸਰਟੀਫਿਕੇਟ ਲਿਆ ਕੇ ਇੱਥੇ ਅਪਲਾਈ ਕਰ ਸਕਦੇ ਹਨ ਤੇ ਹਫ਼ਤੇ-ਦਸ ਦਿਨ ਅੰਦਰ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।