ਹਲਕੇ ਮੀਂਹ ਨਾਲ ਚੰਡੀਗੜ੍ਹ ’ਚ ਗਰਮੀ ਤੋਂ ਕੁਝ ਰਾਹਤ, ਪਾਰਾ ਕੁਝ ਦਰਜੇ ਡਿੱਗਿਆ
ਅਗਲੇ ਪੰਜ ਦਿਨ ਟ੍ਰਾਈਸਿਟੀ ਵਿਚ ਬੱਦਲਵਾਈ, ਗਰਜ ਨਾਲ ਤੂਫ਼ਾਨ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਚੰਡੀਗੜ੍ਹ ਵਿਚ ਪਿਛਲੇ 24 ਘੰਟਿਆਂ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ। ਹਲਕੇ ਮੀਂਹ ਦੇ ਨਾਲ ਬੱਦਲਵਾਈ ਅਤੇ ਦਰਮਿਆਨੀ ਹਵਾਵਾਂ ਨੇ ਵੀ ਗਰਮੀ ਨੂੰ ਰਾਹਤ ਦਿਵਾਈ ਪਰ ਨਮੀ ਦੇ ਵਧਦੇ ਪੱਧਰ ਤੋਂ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵਸਨੀਕਾਂ ਪਰੇਸ਼ਾਨ ਹਨ।
ਮੌਸਮ ਵਿਗਿਆਨੀਆਂ ਨੇ ਵੀਰਵਾਰ ਤੋਂ ਅਗਲੇ ਮੰਗਲਵਾਰ ਤੱਕ ਤੇਜ਼ ਮੀਂਹ ਅਤੇ ਗਰਜ ਨਾਲ ਤੂਫ਼ਾਨ ਲਈ ਮੁੜ ਪੀਲਾ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਨੂੰ ਲੰਘੇ ਦਿਨ 1.5 ਡਿਗਰੀ ਦੀ ਗਿਰਾਵਟ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਘੱਟ ਗਿਆ ਜਦੋਂ ਕਿ ਸੋਮਵਾਰ ਰਾਤ ਨੂੰ 1 ਡਿਗਰੀ ਘੱਟਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 0.2 ਡਿਗਰੀ ਘੱਟ ਗਿਆ। ਚੰਡੀਗੜ੍ਹ ਵਿੱਚ 3 ਮਿਲੀਮੀਟਰ ਮੀਂਹ ਪਿਆ ਜਦੋਂਕਿ ਮੁਹਾਲੀ ਅਤੇ ਪੰਚਕੂਲਾ ਜ਼ਿਆਦਾਤਰ ਸੁੱਕੇ ਰਹੇ ਅਤੇ ਦਿਨ ਵੇਲੇ ਕਿਤੇ-ਕਿਤੇ ਮੀਂਹ ਪਿਆ।
ਮੌਸਮ ਵਿਗਿਆਨੀਆਂ ਨੇ 30 ਜੂਨ ਤੱਕ ਅਗਲੇ ਪੰਜ ਦਿਨਾਂ ਲਈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵਾਲੇ ਟ੍ਰਾਈਸਿਟੀ ਖੇਤਰ ਵਿੱਚ ਆਮ ਤੌਰ ’ਤੇ ਬੱਦਲਵਾਈ ਰਹਿਣ, ਗਰਜ ਨਾਲ ਤੂਫ਼ਾਨ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਗਲੇ ਪੰਜ ਦਿਨਾਂ ਲਈ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੋਂ ਘੱਟ ਰਹੇਗਾ। ਮੰਗਲਵਾਰ ਨੂੰ ਵੀ ਰਾਤ ਦਾ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਰਿਹਾ।
ਮੰਗਲਵਾਰ ਰਾਤ ਨੂੰ ਪੰਜਾਬ ਦੇ ਫਾਜ਼ਿਲਕਾ ਅਤੇ ਹਰਿਆਣਾ ਦੇ ਭਿਵਾਨੀ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 30.6 ਅਤੇ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਖੇਤਰ ਦੇ ਸਭ ਤੋਂ ਗਰਮ ਸ਼ਹਿਰ ਹਨ।
ਟ੍ਰਾਈਸਿਟੀ ਖੇਤਰ ਦੇ ਵਸਨੀਕਾਂ ਲਈ ਬੁੱਧਵਾਰ ਨੂੰ ਮੁਕਾਬਲਤਨ ਘੱਟ ਗਰਮ ਪਰ ਨਮੀ ਵਾਲਾ ਦਿਨ ਰਿਹਾ। 10 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਹੈ।