ਚੰਡੀਗੜ੍ਹ ਵਿੱਚ ਜ਼ਿਲ੍ਹਾ ਅਦਾਲਤ ’ਚ ਵਕੀਲਾਂ ਵੱਲੋਂ ਧਰਨਾ
ਆਨਲਾਈਨ ਚਾਲਾਨ ’ਤੇ ਚੁੱਕੇ ਸਵਾਲ; ਜੱਜ ਨੇ ਦੋ ਦਿਨਾਂ ਦਾ ਸਮਾਂ ਮੰਗਿਆ
Advertisement
ਇੱਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿਖੇ ਵਕੀਲਾਂ ਨੇ ਆਨਲਾਈਨ ਚਾਲਾਨ ਸਿਸਟਮ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਕੀਲ ਕੋਰਟ ਰੂਮ ਦੇ ਵਿੱਚ ਹੀ ਸ਼ਾਂਤਮਈ ਢੰਗ ਨਾਲ ਧਰਨੇ ’ਤੇ ਬੈਠ ਗਏ, ਜਿਨ੍ਹਾਂ ਨੇ ਆਨਲਾਈਨ ਚਾਲਾਨ ਸਿਸਟਮ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹੁਣ ਟਰੈਫ਼ਿਕ ਚਾਲਾਨ ਦਾ ਭੁਗਤਾਨ ਅਦਾਲਤ ਵਿੱਚ ਹੋਣ ਦੀ ਥਾਂ ਆਨਲਾਈਨ ਹੋਣ ਲੱਗ ਪਿਆ ਹੈ, ਜਿਸ ਕਰਕੇ ਵਕੀਲਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਇਸੇ ਦੇ ਵਿਰੋਧ ਵਿੱਚ ਵਕੀਲਾਂ ਨੇ ਕੋਰਟ ਰੂਮ ਦੇ ਵਿਚ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਦਰਜ ਕਰਵਾਇਆ। ਐਡਵੋਕੇਟ ਪੁਨੀਲ ਛਾਬੜਾ ਨੇ ਕਿਹਾ ਕਿ ਪਹਿਲਾਂ ਤਿੰਨ ਮਹੀਨੇ ਤੋਂ ਵੱਧ ਸਮੇਂ ਤੱਕ ਨਾ ਭੁਗਤਨ ਵਾਲੇ ਟਰੈਫ਼ਿਕ ਚਾਲਾਨ ਦਾ ਭੁਗਤਾਨ ਅਦਾਲਤ ਵਿੱਚ ਹੁੰਦਾ ਸੀ, ਜਿਸ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਆਮ ਬੰਦਿਆਂ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਵਿਅਕਤੀ ਨਾਲ ਧੱਕੇਸ਼ਾਹੀ ਹੋਣ ’ਤੇ ਉਹ ਵਕੀਲ ਰਾਹੀਂ ਅਦਾਲਤ ਵਿੱਚ ਆਪਣਾ ਪੱਖ ਰੱਖ ਸਕਦਾ ਸੀ, ਪਰ ਆਨਲਾਈਨ ਟਰੈਫ਼ਿਕ ਚਾਲਾਨ ਦਾ ਭੁਗਤਾਨ ਹੋਣ ਕਰਕੇ ਕੋਈ ਵਿਅਕਤੀ ਆਪਣਾ ਪੱਖ ਨਹੀਂ ਰੱਖ ਸਕਦਾ ਹੈ। ਇਸ ਦੌਰਾਨ ਸ਼ਾਂਤਮਈ ਵਿਰੋਧ ਕਰ ਰਹੇ ਵਕੀਲਾਂ ਵੱਲੋਂ ਸੈਸ਼ਨ ਜੱਜ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛੁੱਟੀ ’ਤੇ ਹੋਣ ਕਰਕੇ ਮੁਲਾਕਾਤ ਨਾ ਹੋ ਸਕੀ। ਇਸੇ ਦੌਰਾਨ ਡਿਊਟੀ ’ਤੇ ਤਾਇਨਾਤ ਜੱਜ ਵੱਲੋਂ ਵਕੀਲਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਦੋ ਦਿਨਾਂ ਦਾ ਸਮਾਂ ਮੰਗਿਆ ਗਿਆ, ਜਿਸ ਤੋਂ ਬਾਅਦ ਵਕੀਲਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ।
Advertisement
Advertisement
