ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਸੁਪਰੀਮ ਕੋਰਟ ਨੇ ਜੇਲ੍ਹ ’ਚ ਪੱਤਰਕਾਰ ਦੇ ਦਾਖਲੇ ’ਤੇ ਚੁੱਕਿਆ ਸਵਾਲ
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 26 ਜੂਨ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿੱਚ ਦਿੱਤੇ ਇੰਟਰਵਿਊ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਬਰਖਾਸਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਵੱਲੋਂ ਕਾਰਵਾਈ ਰੱਦ ਕਰਨ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਪੱਤਰਕਾਰ ਦੇ ਦਾਖਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਜਸਟਿਸ ਕੇ.ਵੀ. ਵਿਸ਼ਵਨਾਥਨ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੇ ਬੈਂਚ ਨੇ ਹੈਰਾਨੀ ਪ੍ਰਗਟਾਈ ਕਿ ਪੱਤਰਕਾਰ ਨੂੰ ਇੰਟਰਵਿਊ ਲਈ ਜੇਲ੍ਹ ਤੱਕ ਪਹੁੰਚ ਕਿਵੇਂ ਮਿਲੀ।
ਸੰਧੂ ਦੀ ਫੌਜਦਾਰੀ ਜ਼ਾਬਤਾ (ਸੀ.ਆਰ.ਪੀ.ਸੀ.) ਦੀ ਧਾਰਾ 41ਏ ਤਹਿਤ ਨੋਟਿਸ ਜਾਰੀ ਕਰਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪਹਿਲਾਂ ਹੀ 3 ਜੁਲਾਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੂਚੀਬੱਧ ਸੀ। ਬੈਂਚ ਨੇ 24 ਜੂਨ ਨੂੰ ਉਸ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ। ਸੰਧੂ ਨੇ ਆਪਣੀ ਬਰਖਾਸਤਗੀ ਨੂੰ ਵੀ ਚੁਣੌਤੀ ਦਿੱਤੀ ਹੈ। ਸੰਧੂ ਵੱਲੋਂ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਦਲੀਲ ਦਿੱਤੀ ਕਿ ਨੋਟਿਸ ਉਸ ਨੂੰ ਜਾਰੀ ਕੀਤਾ ਗਿਆ ਪਰ ਜਿਸ ਪੱਤਰਕਾਰ ਨੇ ਇੰਟਰਵਿਊ ਰਿਕਾਰਡ ਕੀਤਾ ਸੀ, ਉਸ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਸੁਰੱਖਿਆ ਮਿਲੀ ਸੀ
ਚੌਧਰੀ ਨੇ ਕਿਹਾ ਕਿ ਸੰਧੂ ਦੀ ਕਦੇ ਵੀ ਬਿਸ਼ਨੋਈ ਤੱਕ ਪਹੁੰਚ ਨਹੀਂ ਸੀ ਅਤੇ ਉਸ ਨੂੰ ਸਿਰਫ਼ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੰਧੂ ਦੀ ਇਸ ਦਲੀਲ ’ਤੇ ਕਿ ਉਸ ਨੂੰ ਐੱਫ.ਆਈ.ਆਰ. ਵਿੱਚ ਇੱਕ ਮੁਲਜ਼ਮ ਵਜੋਂ ਨਾਮਜ਼ਦ ਨਾ ਹੋਣ ਦੇ ਬਾਵਜੂਦ ਧਾਰਾ 41ਏ ਸੀ.ਆਰ.ਪੀ.ਸੀ. ਤਹਿਤ ਤਲਬ ਕੀਤਾ ਗਿਆ। ਬੈਂਚ ਨੇ ਕਿਹਾ ਕਿ ਇੰਟਰਵਿਊ ਤੋਂ ਪਿਛਲੀ ਰਾਤ ਉਹ ਇੰਚਾਰਜ ਸੀ।
ਲਾਰੈਂਸ ਬਿਸ਼ਨੋਈ 29 ਮਈ, 2022 ਨੂੰ ਹੋਏ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਹੈ। ਮਾਰਚ 2023 ਵਿੱਚ, ਇੱਕ ਨਿੱਜੀ ਨਿਊਜ਼ ਚੈਨਲ ਨੇ ਬਿਸ਼ਨੋਈ ਦੇ ਦੋ ਇੰਟਰਵਿਊ ਪ੍ਰਸਾਰਿਤ ਕੀਤੇ ਸਨ ਜਦੋਂ ਕਥਿਤ ਗੈਂਗਸਟਰ ਉੱਚ-ਸੁਰੱਖਿਆ ਵਾਲੀ ਬਠਿੰਡਾ ਜੇਲ੍ਹ ਵਿੱਚ ਬੰਦ ਸੀ। ਇਸ ਇੰਟਰਵਿਊ ਨੂੰ ਲੈ ਕੇ ਜੇਲ੍ਹ ਦੇ ਕੈਦੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।