ਸਿਰਮੌਰ ਗ਼ਜ਼ਲਕਾਰ ਸਿਰੀ ਰਾਮ ਅਰਸ਼ ਦਾ ਮੁਹਾਲੀ ’ਚ ਅੰਤਿਮ ਸੰਸਕਾਰ
ਪੰਜਾਬੀ ਦੇ ਪ੍ਰਸਿੱਧ ਗ਼ਜ਼ਲਕਾਰ ਅਤੇ ਕਵੀ ਸਿਰੀ ਰਾਮ ਅਰਸ਼ ਦਾ ਦੇਹਾਂਤ ਹੋ ਗਿਆ ਹੈ। ਐਤਵਾਰ ਰਾਤ 10 ਵਜੇ ਦੇ ਕਰੀਬ ਸ੍ਰੀ ਅਰਸ਼ ਨੇ ਸੰਖੇਪ ਬਿਮਾਰੀ ਉਪਰੰਤ ਮਾਇਓ ਹਸਪਤਾਲ, ਮੁਹਾਲੀ ਵਿਖੇ ਆਖਰੀ ਸਾਹ ਲਏ। ਅੱਜ ਬਲੌਂਗੀ ਵਿਖੇ ਮੁਹਾਲੀ ਦੇ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਉਨ੍ਹਾਂ ਦੇ ਚਲਾਣੇ ਉਤੇ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਲੇਖਕ ਸੰਘ ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਮੁੱਖ ਅਹੁਦੇਦਾਰਾਂ ਤੇ ਨਾਮੀ ਸਾਹਿਤਕਾਰਾਂ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਮਨਮੋਹਨ, ਡਾ. ਸਰਬਜੀਤ ਕੌਰ ਸੋਹਲ, ਸਾਥੀ ਬਲਵਿੰਦਰ ਉੱਤਮ, ਸ਼ਾਮ ਸਿੰਘ ਅੰਗ ਸੰਗ, ਡਾ. ਯੋਗਰਾਜ ਅੰਗਰੀਸ਼, ਬਲੀਜੀਤ, ਗੁਲ ਚੌਹਾਨ, ਡਾ. ਸ਼ਿੰਦਰ ਪਾਲ ਸਿੰਘ, ਗੁਰਦੇਵ ਚੌਹਾਨ ਤੇ ਹੋਰਨਾਂ ਨੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਉਨ੍ਹਾਂ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਅਸਹਿ ਨੁਕਸਾਨ ਕਰਾਰ ਦਿੱਤਾ ਹੈ।
ਲੁਧਿਆਣਾ ਵਿਚ 15 ਦਸੰਬਰ, 1934 ਨੂੰ ਜਨਮੇ ਸਿਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਮੁੱਲ ਖ਼ਜ਼ਾਨਾ ਹਨ। ਇਨ੍ਹਾਂ ਵਿੱਚ ਰਬਾਬ, ਸਮੁੰਦਰ ਸੰਜਮ, ਸੰਖ ਤੇ ਸਿੱਪੀਆਂ, ਸਰਘੀਆਂ ਤੇ ਸਮੁੰਦਰ, ਕਿਰਨਾਂ ਦੀ ਬੁੱਕਲ, ਪੁਰਸਲਾਤ ਤੇ ਗ਼ਜ਼ਲ ਸਮੁੰਦਰ ਆਦਿ ਗ਼ਜ਼ਲ ਸੰਗ੍ਰਹਿਆਂ ਸਮੇਤ ਤੁਮ ਚੰਦਨ, ਅਗੰਮੀ ਨੂਰ, ਪੰਥ ਸਜਾਇਓ ਖਾਲਸਾ ਤੇ ਗੁਰੂ ਮਿਲਿਓ ਰਵਿਦਾਸ ਆਦਿ ਮਹਾਂਕਾਵਿ ਵਰਨਣਯੋਗ ਕਿਰਤਾਂ ਸ਼ਾਮਿਲ ਹਨ।
ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗ਼ਜ਼ਲਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁਹਜ ਨਾਲ ਪੇਸ਼ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਨਵਤਾਵਾਦੀ ਸੁਨੇਹੇ ਅਤੇ ਸਮਾਜਿਕ ਜਾਗਰੂਕਤਾ ਨੇ ਪਾਠਕਾਂ ਦੇ ਦਿਲਾਂ ’ਤੇ ਗਹਿਰਾ ਅਸਰ ਕੀਤਾ।
ਸ਼੍ਰੋਮਣੀ ਕਵੀ ਸਿਰੀ ਰਾਮ ਅਰਸ਼ ਦੇ ਚਹੇਤਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ।
ਅੱਜ ਬਲੌਂਗੀ ਵਿਖੇ ਮੁਹਾਲੀ ਦੇ ਸ਼ਮਸ਼ਾਨ ਘਾਟ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੁਖਦੇਵ ਸਿੰਘ ਸਿਰਸਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਡਾ. ਲਾਭ ਸਿੰਘ ਖੀਵਾ ਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਅਹੁਦੇਦਾਰਾਂ ਸਮੇਤ ਸਾਹਿਤ ਵਿਗਿਆਨ ਕੇਂਦਰ ਦੇ ਗੁਰਦਰਸ਼ਨ ਮਾਵੀ, ਦਵਿੰਦਰ ਕੌਰ, ਧਿਆਨ ਸਿੰਘ ਕਾਹਲੋਂ, ਭਗਤ ਰਾਮ ਰੰਗਾੜਾ, ਰਾਜ ਕੁਮਾਰ ਸਾਹੋਵਾਲੀਆ, ਭੁਪਿੰਦਰ ਮਲਿਕ, ਦੀਪਕ ਸ਼ਰਮਾ ਚਨਾਰਥਲ, ਸਰਦਾਰਾ ਸਿੰਘ ਚੀਮਾ, ਪਿਆਰਾ ਸਿੰਘ ਰਾਹੀ, ਪਾਲ ਅਜਨਬੀ, ਬਲਕਾਰ ਸਿੱਧੂ, ਗੋਵਰਧਨ ਗੱਬੀ, ਵਰਿੰਦਰ ਮਾਝੀ ਤੇ ਬੀਐਸ ਮਟੌਰੀਆ ਸਮੇਤ ਵੱਖ-ਵੱਖ ਸਾਹਿਤਕਾਰਾਂ ਤੇ ਹੋਰ ਸੱਜਣਾਂ ਨੇ ਹਾਜ਼ਰੀ ਲਗਵਾਈ।