ਮੁਹਾਲੀ ’ਚ ਨਵੀਂ ਲੈਂਡ ਪੂਲਿੰਗ ਨੀਤੀ ਤਹਿਤ ਗ੍ਰਹਿਣ ਕੀਤੀ ਜਾਵੇਗੀ ਜ਼ਮੀਨ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 28 ਜੂਨ
ਪੰਜਾਬ ਸਰਕਾਰ ਵੱਲੋਂ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਰਾਹੀਂ ਸਥਾਪਿਤ ਕੀਤੇ ਜਾ ਰਹੇ ਨਵੇਂ ਅਰਬਨ ਅਸਟੇਟਾਂ ਦੀ ਲੜੀ ਤਹਿਤ ਮੁਹਾਲੀ ਸ਼ਹਿਰ ਵਿੱਚ ਨਵੇਂ ਵਿਕਸਿਤ ਕੀਤੇ ਜਾਣ ਵਾਲੇ ਨੌਂ ਸੈਕਟਰਾਂ ਲਈ ਹਾਸਲ ਕੀਤੀ ਜਾਣ ਵਾਲੀ 6285 ਏਕੜ ਜ਼ਮੀਨ ਗਮਾਡਾ ਦੀ ਮੁਹਾਲੀ ਲਈ ਨਿਸ਼ਚਿਤ ਕੀਤੀ ਪੁਰਾਣੀ ਲੈਂਡ ਪੂਲਿੰਗ ਨੀਤੀ ਦੀ ਨਵੀਂ 4 ਜੂਨ 2025 ਨੂੰ ਐਲਾਨੀ ਨੀਤੀ ਤਹਿਤ ਹੀ ਹਾਸਲ ਕੀਤੀ ਜਾਵੇਗੀ।
ਗਰੇਟਰ ਮੁਹਾਲੀ ਵਿਕਾਸ ਅਥਾਰਟੀ ਗਮਾਡਾ ਵੱਲੋਂ ਹਾਸਲ ਕੀਤੀ ਜਾਣ ਵਾਲੀ ਜ਼ਮੀਨ 22 ਜੂਨ ਨੂੰ ਇਸ਼ਤਿਹਾਰ ਦਿੱਤੇ ਗਏ ਸਨ। ਇਸ ਵਿੱਚ ਐਰੋਸਿਟੀ ਅਤੇ ਆਈਟੀ ਸਿਟੀ ਨੇੜੇ ਸਥਾਪਿਤ ਕੀਤੀ ਗਈ ਐਰੋਟ੍ਰੋਪੋਲਿਸ ਦੇ ਵਿਸਤਾਰ ਲਈ ਐਰੋਟ੍ਰੋਪੋਲਿਸ ਫੇਜ਼ ਦੋ ਅਧੀਨ ਪਾਕਿਟ ਈ, ਐੱਫ਼, ਜੀ, ਐੱਚ, ਆਈ ਅਤੇ ਜੇ ਬਣਾਉਣ ਲਈ ਪਿੰਡ ਪੱਤੋਂ, ਕੁਰੜੀ, ਸਿਆਊ, ਬੜੀ, ਬਾਕਰਪੁਰ, ਮਟਰਾਂ, ਕਿਸ਼ਨਪੁਰਾ, ਛੱਤ ਪਿੰਡਾਂ ਦੀ ਜ਼ਮੀਨ ਹਾਸਲ ਕਰਨ ਲਈ ਜ਼ਮੀਨਾਂ ਦੇ ਖਸਰਾ ਨੰਬਰ ਜਨਤਕ ਕੀਤੇ ਗਏ ਹਨ।
ਇਸੇ ਤਰ੍ਹਾਂ ਸੈਕਟਰ 76 ਤੋਂ 80 ਰਿਹਾਇਸ਼ੀ ਖੇਤਰ ਵਿੱਚ ਪਹਿਲਾਂ ਐਕੁਆਇਰ ਕਰਨੋਂ ਰਹਿੰਦੀ ਮੌਲੀ ਬੈਦਵਾਣ, ਸੈਕਟਰ-87 ਦੇ ਵਪਾਰਕ ਖੇਤਰ ਲਈ ਪਿੰਡ ਮਾਣਕਮਾਜਰਾ, ਨਾਨੂੰਮਾਜਰਾ ਅਤੇ ਸੋਹਾਣਾ, ਉਦਯੋਗਿਕ ਖੇਤਰ ਦੇ ਸੈਕਟਰ-101 ਅਤੇ ਸੈਕਟਰ-103 ਲਈ ਪਿੰਡ ਦੁਰਾਲੀ ਅਤੇ ਸਨੇਟਾ ਦੀਆਂ ਜ਼ਮੀਨਾਂ ਦੇ ਨੰਬਰ ਪ੍ਰਕਾਸ਼ਿਤ ਕੀਤੇ ਗਏ ਹਨ।
ਇਸੇ ਤਰ੍ਹਾਂ ਨਵੇਂ ਵਸਾਏ ਜਾਣ ਵਾਲੇ ਰਿਹਾਇਸ਼ੀ ਸੈਕਟਰਾਂ-120, 121, 122, 123, 124 ਲਈ ਪਿੰਡ ਹੁਸੈਨਪੁਰ, ਚੰਦੋ ਗੋਬਿੰਦਗੜ੍ਹ, ਮਨਾਣਾ, ਝਾਮਪੁਰ, ਬਲੌਂਗੀ, ਬੜਮਾਜਰਾ, ਬੱਲੋਮਾਜਰਾ, ਜੰਡਪੁਰ, ਦੇਸੂਮਾਜਰਾ, ਸੀਹਪੁਰ, ਤੜੌਲੀ, ਦਾਊਂ, ਬਹਿਲੋਲਪੁਰ ਅਤੇ ਰਾਏਪੁਰ ਪਿੰਡਾਂ ਦੀਆਂ ਜ਼ਮੀਨਾਂ ਹਾਸਲ ਕਰਨ ਲਈ ਇਸ਼ਤਿਹਾਰ ਜਾਰੀ ਕੀਤੇ ਗਏ ਹਨ। ਕਿਸਾਨਾਂ ਨੂੰ ਲੈਂਡ ਪੂਲਿੰਗ ਲਈ ਸਹਿਮਤੀ ਦੇਣ ਲਈ ਆਪਣੇੇ ਸਹਿਮਤੀ ਪੱਤਰ ਮੁਹਾਲੀ ਦੇ ਫੇਜ਼ ਅੱਠ ਦੇ ਪੁਡਾ ਭਵਨ ਵਿਚਲੇ ਗਮਾਡਾ ਦਫ਼ਤਰ ਵਿੱਚ ਦੇਣ ਲਈ ਆਖਿਆ ਗਿਆ ਹੈ।
ਕਿਸਾਨਾਂ ਨੂੰ ਕਿੰਨੀ ਲੈਂਡ ਪੂਲਿੰਗ ਮਿਲੇਗੀ
ਰਿਹਾਇਸ਼ੀ ਖੇਤਰ ਦੇ ਇੱਕ ਕਨਾਲ ਲਈ 150 ਵਰਗ ਗਜ਼, ਦੋ ਕਨਾਲ ਲਈ 300 ਵਰਗ ਗਜ਼, ਤਿੰਨ ਕਨਾਲ ਲਈ 450 ਵਰਗ ਗਜ਼, ਚਾਰ ਕਨਾਲ ਲਈ 500 ਵਰਗ ਗਜ਼ ਰਿਹਾਇਸ਼ੀ ਅਤੇ 100 ਵਰਗ ਗਜ਼ ਵਪਾਰਕ, ਪੰਜ ਕਨਾਲ ਲਈ 650 ਵਰਗ ਗਜ਼ ਰਿਹਾਇਸ਼ੀ, 100 ਵਰਗ ਗਜ਼ ਵਪਾਰਕ, ਛੇ ਕਨਾਲ ਲਈ 800 ਵਰਗ ਗਜ਼ ਰਿਹਾਇਸ਼ੀ, 100 ਵਰਗ ਗਜ਼ ਵਪਾਰਕ, ਸੱਤ ਕਨਾਲ ਲਈ 950 ਵਰਗ ਗਜ਼ ਰਿਹਾਇਸ਼ੀ, 100 ਵਰਗ ਗਜ਼ ਵਪਾਰਕ ਅਤੇ ਅੱਠ ਕਨਾਲ ਲਈ 100 ਵਰਗ ਗਜ਼ ਰਿਹਾਇਸ਼ੀ ਤੇ 200 ਗਜ਼ ਵਪਾਰਕ ਪਲਾਟ ਦਿੱਤੇ ਜਾਣਗੇ। ਉਦਯੋਗਿਕ ਖੇਤਰ ਲਈ ਹਾਸਲ ਕੀਤੀ ਜਾਣ ਵਾਲੀ ਜ਼ਮੀਨ ਲਈ ਵਪਾਰਕ ਪਲਾਟ ਨਹੀਂ ਮਿਲਣਗੇ। ਦੋ ਕਨਾਲ ਲਈ 400, ਤਿੰਨ ਲਈ 600, 4 ਲਈ 800, 5 ਲਈ 1000, ਛੇ ਲਈ 1200, ਸੱਤ ਲਈ 1400 ਅਤੇ ਅੱਠ ਕਨਾਲ ਲਈ 1600 ਵਰਗ ਗਜ਼ ਦਾ ਪਲਾਟ ਮਿਲੇਗਾ। ਵਪਾਰਕ ਖੇਤਰ ਲਈ ਸਿਰਫ਼ ਵਪਾਰਕ ਪਲਾਟ ਮਿਲਣਗੇ। ਇਸ ਤਹਿਤ 1 ਕਨਾਲ ਲਈ 100, 2 ਕਨਾਲ ਲਈ 200, ਤਿੰਨ ਕਨਾਲ ਲਈ 300 ਵਰਗ ਗਜ਼, ਚਾਰ ਕਨਾਲ ਲਈ 200-200 ਵਰਗ ਗਜ਼ ਦੇ ਦੋ, 5 ਕਨਾਲ ਲਈ ਇੱਕ 300 ਦਾ ਅਤੇ ਇਸ 200 ਦਾ, 6 ਕਨਾਲ ਲਈ 200-200 ਗਜ਼ ਦੇ ਤਿੰਨ, 7 ਕਨਾਲ ਇੱਕ 300 ਵਰਗ ਗਜ਼ ਦਾ ਅਤੇ ਦੋ 200-200 ਵਰਗ ਗਜ਼ ਦੇ ਅਤੇ ਅੱਠ ਕਨਾਲ ਲਈ 300-300 ਗਜ਼ ਦੇ ਦੋ ਅਤੇ 200 ਵਰਗ ਗਜ਼ ਦਾ ਇੱਕ ਵਪਾਰਕ ਪਲਾਟ ਦਿੱਤਾ ਜਾਵੇਗਾ।