ਜ਼ਮੀਨਾਂ ਐਕੁਆਇਰ ਕਰਨ ਦੀ ਕਵਾਇਦ ਤੇਜ਼
ਲੋਕਾਂ ਦੇ ਭਾਰੀ ਵਿਰੋਧ ਮਗਰੋਂ ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਰੱਦ ਕਰਨ ਤੋਂ ਬਾਅਦ ਗਮਾਡਾ ਵੱਲੋਂ ਮੁਹਾਲੀ ਸ਼ਹਿਰ ਦੇ ਵਿਸਥਾਰ ਲਈ ਪੁਰਾਣੀ ਨੀਤੀ ਤਹਿਤ ਜ਼ਮੀਨਾਂ ਹਾਸਿਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਗਮਾਡਾ ਵੱਲੋਂ ਏਅਰਟ੍ਰੋਪੋਲਿਸ ਖੇਤਰ ਦੇ ਵਿਕਾਸ ਲਈ ਈ, ਐੱਫ਼, ਜੀ, ਐੱਚ, ਆਈ, ਜੇ, ਪਾਕਿਟਾਂ ਲਈ ਅੱਧੀ ਦਰਜਨ ਤੋਂ ਵੱਧ ਪਿੰਡਾਂ ਦੀ 3537 ਏਕੜ ਜ਼ਮੀਨ ਐਕੁਆਇਰ ਕਰਨ ਲਈ ਪ੍ਰਕਿਰਿਆ ਅੰਤਿਮ ਪੜਾਅ ਤੇ ਹੈ।
ਗਮਾਡਾ ਵੱਲੋਂ ਅੱਜ ਮੁਹਾਲੀ ਦੇ ਸੈਕਟਰ 87, ਸੈਕਟਰ 101 ਅਤੇ ਸੈਕਟਰ 103 ਲਈ ਪੰਜ ਪਿੰਡਾਂ ਦੀ 502 ਏਕੜ ਦੇ ਕਰੀਬ ਜ਼ਮੀਨ ਹਾਸਿਲ ਕਰਨ ਸਬੰਧੀ ਸਮਾਜਿਕ ਪ੍ਰਭਾਵ ਮੁਲਾਂਕਣ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਸਮਾਜਿਕ ਪ੍ਰਭਾਵ ਮੁਲਾਂਕਣ ਛੇ ਮਹੀਨੇ ਦੇ ਅੰਦਰ ਕਰਾਏ ਜਾਣ ਦਾ ਟੀਚਾ ਹੈ ਅਤੇ ਇਸ ਮੁਲਾਂਕਣ ਤਹਿਤ ਸਬੰਧਤ ਪਿੰਡਾਂ ਵਿਚ ਸਥਾਪਤ ਹੋਣ ਵਾਲੇ ਪ੍ਰਾਜੈਕਟਾਂ ਦੇ ਲੋਕਾਂ ਉੱਤੇ ਪੈਣ ਵਾਲੇ ਸਮਾਜਿਕ ਪ੍ਰਭਾਵਾਂ ਸਬੰਧੀ ਗ੍ਰਾਮ ਪੰਚਾਇਤਾਂ ਅਤੇ ਕਿਸਾਨਾਂ ਦੇ ਸੁਝਾਅ ਅਤੇ ਇਤਰਾਜ਼ ਹਾਸਿਲ ਕੀਤੇ ਜਾਣਗੇ।
ਜਾਣਕਾਰੀ ਅਨੁਸਾਰ ਸੈਕਟਰ 87 ਦੇ ਵਿਸਥਾਰ ਲਈ 201 ਏਕੜ, 7 ਕਨਾਲ ਦੇ ਕਰੀਬ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਇਸ ਵਿਚ ਪਿੰਡ ਨਾਨੂੰਮਾਜਰਾ ਦੀ 116 ਏਕੜ, ਪਿੰਡ ਮਾਣਕਮਾਜਰਾ ਦੀ 19 ਏਕੜ 6 ਕਨਾਲ, ਪਿੰਡ ਸੋਹਾਣਾ ਦੀ 65 ਏਕੜ ਅਤੇ ਪਿੰਡ ਸੰਭਾਲਕੀ ਦੀ ਮਹਿਜ਼ 2 ਕਨਾਲ ਦੇ ਕਰੀਬ ਜ਼ਮੀਨ ਸ਼ਾਮਲ ਹੈ।
ਇਸੇ ਤਰ੍ਹਾਂ ਸੈਕਟਰ 101 ਵਿਚ ਪਹਿਲਾਂ ਸਥਾਪਤ ਕੀਤੇ ਜਾ ਰਹੇ ਉਦਯੋਗਿਕ ਪਾਰਕ ਤੋਂ ਬਾਕੀ ਬਚਦੀ ਪਿੰਡ ਦੁਰਾਲੀ ਦੀ 129 ਏਕੜ 6 ਕਨਾਲ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ। ਸੈਕਟਰ 103 ਵਿਚ ਸਥਾਪਿਤ ਕੀਤੇ ਜਾਣ ਵਾਲੇ ਉਦਯੋਗਿਕ ਪਾਰਕ ਲਈ ਪਿੰਡ ਦੁਰਾਲੀ ਦੀ 141 ਏਕੜ 8 ਕਨਾਲ ਅਤੇ ਪਿੰਡ ਸਨੇਟਾ ਦੀ 29 ਏਕੜ 8 ਕਨਾਲ ਦੇ ਕਰੀਬ ਜ਼ਮੀਨ ਹਾਸਿਲ ਕੀਤੀ ਜਾਣੀ ਹੈ।
ਉਪਰੋਕਤ ਸਾਰੀ ਜ਼ਮੀਨ ਮੁਹਾਲੀ ਸ਼ਹਿਰ ’ਚ ਪਹਿਲਾਂ ਚੱਲ ਰਹੀ ਨੀਤੀ ਤਹਿਤ ਐਕੁਆਇਰ ਕੀਤੀ ਜਾਵੇਗੀ। ਭੋਂ ਪ੍ਰਾਪਤੀ ਐਕਟ 2013 ਤਹਿਤ ਜ਼ਮੀਨ ਐਕੁਆਇਰ ਕਰਨ ਲਈ ਉਕਤ ਪਿੰਡਾਂ ਦੀ 502 ਏਕੜ ਦੇ ਕਰੀਬ ਜ਼ਮੀਨ ਦੇ ਦਫ਼ਾ ਚਾਰ ਦੇ ਨੋਟਿਸ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਸਮਾਜਿਕ ਪ੍ਰਭਾਵ ਮੁਲਾਂਕਣ ਤੋਂ ਬਾਅਦ ਜ਼ਮੀਨ ਐਕੁਆਇਰ ਕਰਨ ਲਈ ਰਾਹ ਪੱਧਰਾ ਹੋ ਜਾਵੇਗਾ।
