ਲਾਲੜੂ ਮੰਡੀ ’ਚ ਗੰਦਗੀ ਦੀ ਭਰਮਾਰ, ਮਹਾਮਾਰੀ ਫੈਲਣ ਦਾ ਖ਼ਤਰਾ
ਲਾਲੜੂ ਮੰਡੀ ਵਿੱਚ ਫੈਲੀ ਭਾਰੀ ਗੰਦਗੀ ਕਾਰਨ ਵਪਾਰੀ ਅਤੇ ਆਮ ਲੋਕ ਬਹੁਤ ਪ੍ਰੇਸ਼ਾਨ ਹਨ। ਕਈ ਦਿਨਾਂ ਤੋਂ ਮੰਡੀ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਜਾਣਕਾਰੀ ਮੁਤਾਬਕ ਮੰਡੀ ਵਿੱਚ ਥਾਂ-ਥਾਂ ਕੂੜਾ ਕਰਕਟ ਅਤੇ ਫਲਾਂ-ਸਬਜ਼ੀਆਂ ਦੀ ਰਹਿੰਦ ਖੂੰਹਦ ਪਈ ਰਹਿੰਦੀ ਹੈ, ਜਿਸ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੈ। ਸਥਾਨਕ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਨਗਰ ਕੌਂਸਲ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਮੰਡੀ ਵਿੱਚ ਆਉਣ ਵਾਲੇ ਗਾਹਕ ਵੀ ਇਸ ਗੰਦੇ ਮਾਹੌਲ ਕਾਰਨ ਪ੍ਰੇਸ਼ਾਨ ਹਨ। ਲਾਲੜੂ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਮੰਡੀ ਦੀ ਸਫਾਈ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ ਨੇ ਦੱਸਿਆ ਕਿ ਛੇਤੀ ਹੀ ਲਾਲੜੂ ਮੰਡੀ ਵਿੱਚ ਗੰਦਗੀ ਦੀ ਸਫਾਈ ਕਰਵਾ ਦਿੱਤੀ ਜਾਵੇਗੀ।
ਲਾਲੜੂ ਮੰਡੀ ਵਿੱਚ ਲੱਗੇ ਗੰਦਗੀ ਦੇ ਢੇਰ।