ਨਸ਼ਾ ਛੁਡਾਊ ਕੇਂਦਰ ਨਾਲ ਸਬੰਧਿਤ ਵੀਡੀਓ ’ਚ ਤੱਥਾਂ ਦੀ ਘਾਟ: ਸਿਵਲ ਸਰਜਨ
ਡਿਪਟੀ ਕਮਿਸ਼ਨਰ ਵੱਲੋਂ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਕਾਇਮ
Advertisement
ਸਿਵਲ ਹਸਪਤਾਲ ਰੂਪਨਗਰ ਦੇ ਨਸ਼ਾ ਛੁਡਾਊ ਕੇਂਦਰ ਸਬੰਧੀ ਵਾਇਰਲ ਹੋਈ ਵੀਡੀਓ ਨੂੰ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਨੇ ਤੱਥਾਂ ਤੋਂ ਰਹਿਤ ਤੇ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਇਸ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਰੂਪਨਗਰ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ, ਨਸ਼ੇ ਦੀ ਲਤ ਤੋਂ ਪੀੜਤ ਨੌਜਵਾਨਾਂ ਨੂੰ ਸਹੀ ਤਰੀਕੇ ਨਾਲ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮਾਜ ਵਿਰੋਧੀ ਅਨਸਰ ਨੇ ਹਾਲ ਹੀ ਵਿੱਚ ਨਸ਼ਾ ਛੁਡਾਊ ਕੇਂਦਰ ਬਾਰੇ ਜੋ ਵੀਡੀਓ ਵਾਇਰਲ ਕੀਤੀ ਹੈ, ਮੁੱਢਲੀ ਜਾਂਚ ਦੌਰਾਨ ਉਸ ਵੀਡੀਓ ਦੀ ਸਮੱਗਰੀ ਪੂਰੀ ਤਰ੍ਹਾਂ ਗੁੰਮਰਾਹਕੁਨ ਅਤੇ ਤੱਥਾਂ ਤੋਂ ਰਹਿਤ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਰੂਪਨਗਰ ਦੇ ਨਸ਼ਾ ਛੁਡਾਊ ਕੇਂਦਰ ਦੀ ਸਮਰੱਥਾ 36 ਮਰੀਜ਼ਾਂ ਦੀ ਹੈ ਤੇ ਇਸ ਸਮੇਂ ਪੂਰੇ 36 ਮਰੀਜ਼ਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚੋਂ 28 ਮਰੀਜ਼ ਐਨਡੀਪੀਐਸ ਐਕਟ ਦੇ ਆਰਡਰ 64-ਏ ਅਧੀਨ ਸਵੈ-ਇੱਛੁਕ ਸਹਿਮਤੀ ਨਾਲ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਸੁਰੱਖਿਆ ਪ੍ਰਬੰਧਾਂ ਲਈ 7 ਸੁਰੱਖਿਆ ਗਾਰਡ ਅਤੇ 8 ਵਾਰਡ ਅਟੈਂਡੈਂਟ ਤਾਇਨਾਤ ਹਨ। ਇਸ ਤੋਂ ਇਲਾਵਾ, ਰੂਪਨਗਰ ਪੁਲੀਸ ਵੀ ਕੇਂਦਰ ਦੀ ਚੌਵੀ ਘੰਟੇ ਸੁਰੱਖਿਆ ਕਰਦੀ ਹੈ ਅਤੇ ਸਾਰੇ ਨਿਯਮਿਤ ਤੌਰ ਉੱਤੇ ਡਿਊਟੀ ’ਤੇ ਮੌਜੂਦ ਰਹਿੰਦੇ ਹਨ। ਉੱਧਰ ਡੀਸੀ ਰੂਪਨਗਰ ਵਰਜੀਤ ਵਾਲੀਆ ਵੱਲੋਂ ਮਾਮਲੇ ਦੀ ਜਾਂਚ ਲਈ ਐੱਸਡੀਐੱਮ, ਸਿਵਲ ਸਰਜਨ ਅਤੇ ਡੀਐੱਸਪੀ ਤੇ ਅਧਾਰਿਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ।
Advertisement
Advertisement